HOME » Videos » Punjab
Share whatsapp

ਕੇ.ਪੀ.ਐਸ. ਗਿੱਲ ਨੂੰ `ਬੁੱਚੜ' ਕਹਿਣ 'ਤੇ ਸਾਬਕਾ ਭਾਜਪਾ ਮੰਤਰੀ ਨੇ ਵੀਡੀਓ ਜਾਰੀ ਕਰ ਕੇ ਦਿੱਤਾ ਜਵਾਬ, ਕਾਰਵਾਈ ਮੰਗੀ

Punjab | 06:18 PM IST Jan 09, 2019

ਦਲ ਖਾਲਸਾ ਨਾਲ ਸਬੰਧਤ ਸਰਬਜੀਤ ਸਿੰਘ ਘੁਮਾਣ ਵੱਲੋਂ ਕੱਲ੍ਹ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਕੇ.ਪੀ.ਐਸ ਗਿੱਲ ਉਤੇ ਲਿਖੀ ਕਿਤਾਬ ਰਿਲੀਜ਼ ਕਰਨ ਉਤੇ ਸਾਬਕਾ ਭਾਜਪਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਇਕ ਵੀਡੀਓ ਜਾਰੀ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਕੇਪੀਐਸ ਗਿੱਲ਼ ਨੇ ਪੰਜਾਬ ਵਿਚੋਂ ਖਾੜਕੂਵਾਦ ਖਤਮ ਕਰਨ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ, ਅਜਿਹੇ ਵਿਅਕਤੀ ਲਈ ਗਲਤ ਸ਼ਬਦਾਂ ਦਾ ਇਸਤੇਮਾਲ ਕਰਨ ਠੀਕ ਨਹੀਂ ਹੈ ਤੇ ਇਸ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਕੱਲ੍ਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੇਖਕ ਸਰਬਜੀਤ ਸਿੰਘ ਘੁਮਾਣ ਵੱਲੋਂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਕੇ.ਪੀ.ਐਸ ਗਿੱਲ ਵੱਲੋਂ ਸਿੱਖ ਨੌਜਵਾਨਾਂ 'ਤੇ ਕੀਤੇ ਗਏ ਜ਼ੁਲਮਾਂ ਨੂੰ ਬਿਆਨ ਕਰਦੀ ਕਿਤਾਬ 'ਬੁੱਚੜ ਆਫ਼ ਪੰਜਾਬ ਕੇ.ਪੀ.ਐਸ ਗਿੱਲ' ਰਿਲੀਜ਼ ਕੀਤੀ ਗਈ ਸੀ, ਜਿਸ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ।

ਇਸ ਮੌਕੇ ਕਿਤਾਬ ਦੇ ਲੇਖਕ ਸਰਬਜੀਤ ਸਿੰਘ ਘੁਮਾਣ ਨੇ ਆਖਿਆ ਸੀ ਕਿ ਇਹ ਕਿਤਾਬ ਸਾਬਕਾ ਡੀਜੀਪੀ ਕੇ.ਪੀ.ਐਸ ਗਿੱਲ ਦੇ ਉਨ੍ਹਾਂ ਜ਼ੁਲਮਾਂ ਨੂੰ ਬਿਆਨ ਕਰਦੀ ਹੈ ਜੋ ਉਸ ਨੇ ਸਿੱਖ ਨੌਜਵਾਨਾਂ 'ਤੇ ਢਾਹੇ ਸਨ। ਇਸ ਤੋਂ ਇਲਾਵਾ ਇਸ ਕਿਤਾਬ ਬਾਰੇ ਬੋਲਦਿਆਂ ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਕਿਤਾਬ ਕੇਪੀਐਸ ਗਿੱਲ ਦੇ ਜ਼ੁਲਮਾਂ ਦੀ ਦਾਸਤਾਨ ਹੈ। ਖ਼ੁਦ ਬੀਬੀ ਪਰਮਜੀਤ ਕੌਰ ਖਾਲੜਾ ਕੇ.ਪੀ.ਐਸ ਗਿੱਲ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਨੂੰ ਇਸ ਕਿਤਾਬ ਦੀ ਪਹਿਲੀ ਕਾਪੀ ਭੇਟ ਕੀਤੀ ਗਈ ਹੈ। ਦੱਸ ਦਈਏ ਕਿ ਪੰਜਾਬ ਵਿਚ ਅਤਿਵਾਦ ਦੇ ਕਾਲੇ ਦੌਰ ਸਮੇਂ ਕੇ.ਪੀ.ਐਸ ਗਿੱਲ ਹੀ ਪੰਜਾਬ ਦੇ ਡੀਜੀਪੀ ਸਨ, ਜਿਨ੍ਹਾਂ 'ਤੇ ਸਿੱਖ ਸੰਗਠਨਾਂ ਵਲੋਂ ਸੂਬੇ ਦੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਦੋਸ਼ ਲਗਦਾ ਰਿਹਾ ਹੈ। ਇਸ ਕਿਤਾਬ ਵਿੱਚ ਵੀ ਉਸੇ ਸਮੇਂ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

 

SHOW MORE