HOME » Videos » Punjab
Share whatsapp

ਕੈਪਟਨ ਸਾਬ੍ਹ ਨਵੀਆਂ ਐਂਬੂਲੈਂਸਾਂ ਦਾ ਉਦਘਾਟਨ ਤਾਂ ਕਰ ਦਿੱਤਾ ਪਰ ਤਨਖਾਹਾਂ ਕੌਣ ਦਊ?

Punjab | 08:31 PM IST Apr 16, 2018

ਮੋਹਾਲੀ/ਅੰਮ੍ਰਿਤਸਰ: ਮੋਹਾਲੀ ਦੇ 6 ਫੇਜ਼ ਸਥਿਤ ਸਿਵਲ ਹਸਪਤਾਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਨਵੀਆਂ ਐਂਬੂਲੈਂਸਾਂ ਨੂੰ ਰਵਾਨਾ ਕਰ ਰਹੇ ਸਨ ਉਸੇ ਦੌਰਾਨ ਅੰਮ੍ਰਿਤਸਰ ਵਿੱਚ ਐਂਬੂਲੈਂਸ ਕਰਮਚਾਰੀ ਤਨਖ਼ਾਹਾਂ ਨਾ ਮਿਲਣ ਕਾਰਨ ਪ੍ਰਦਰਸ਼ਨ ਕਰ ਰਹੇ ਸਨ। ਦਰਅਸਲ ਸੂਬੇ ਦੇ ਸਿਹਤ ਵਿਭਾਗ ਨੂੰ 9 ਨਵੀਆਂ ਅਤਿ-ਆਧੁਨਿਕ ਐਂਬੂਲੈਂਸਾਂ ਮਿਲੀਆਂ ਹਨ। ਰਾਜ ਸਭਾ ਮੈਂਬਰ ਅੰਬਿਕਾ ਸੋਨੀ ਵੱਲੋਂ 'ਐਮ.ਪੀ.ਲੈਡ' ਕੋਟੇ ਵਿੱਚੋਂ ਕਰੀਬ ਡੇਢ ਕਰੋੜ ਦੀ ਲਾਗਤ ਨਾਲ ਇਹਨਾਂ 9 ਐਂਬੂਲੈਂਸਾਂ ਨੂੰ ਤਿਆਰ ਕਰਵਾ ਕੇ ਸਿਹਤ ਵਿਭਾਗ ਨੂੰ ਸੌਂਪਿਆ ਗਿਆ ਹੈ ਜਿਸ ਦੀ ਮੁੱਖ ਮੰਤਰੀ ਵੱਲੋਂ ਸ਼ਲਾਘਾ ਵੀ ਕੀਤੀ ਗਈ।

ਪਰ ਦੂਜੇ ਪਾਸੇ ਪਹਿਲਾਂ ਤੋਂ ਚੱਲ ਰਹੀਆਂ ਐਂਬੂਲੈਂਸਾਂ ਦੇ ਕਰਮਚਾਰੀ ਤਨਖ਼ਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਕੇ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕਰਨ ਉਤਰੇ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ 7 ਮਹੀਨਿਆਂ ਤੋਂ ਠੀਕ ਤਰ੍ਹਾਂ ਤਨਖ਼ਾਹਾਂ ਨਹੀਂ ਮਿਲ ਰਹੀਆਂ। ਤੇ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਬਿਲਕੁਲ ਬੰਦ ਕਰ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਐਂਬੂਲੈਂਸਾਂ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੂੰ ਤਨਖ਼ਾਹਾਂ ਨਾ ਮਿਲੀਆਂ ਤਾਂ ਉਹ ਰਾਤ ਦੀ ਸ਼ਿਫਟ ਬੰਦ ਕਰ ਦੇਣਗੇ ਤੇ ਅਜਿਹਾ ਹੋਣ 'ਤੇ ਜੇਕਰ ਮਰੀਜ਼ ਨੂੰ ਕੁੱਝ ਹੁੰਦਾ ਹੈ ਤਾਂ ਇਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਕਰਮਚਾਰੀਆਂ ਨੇ ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ 1 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ।

SHOW MORE