HOME » Videos » Punjab
Share whatsapp

ਗੁ. ਸਿੰਘ ਸ਼ਹੀਦਾਂ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Punjab | 08:56 PM IST Jun 09, 2018

ਰੂਪਨਗਰ ਦੇ ਪਿੰਡ ਡੰਗੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਗਏ। ਇਹ ਮੰਦਭਾਗੀ ਘਟਨਾ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਵਾਪਰੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਕਰੀਬ 100 ਅੰਗਾਂ ਦੀ ਬੇਅਦਬੀ ਕੀਤੀ ਗਈ। ਪਿੰਡ ਵਾਸੀਆਂ ਮੁਤਾਬਿਕ ਸਵੇਰੇ ਵੇਲੇ ਪਾਠ ਕਰਨ ਤੋਂ ਬਾਅਦ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਧਰ ਮੌਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਅਤੇ ਫੌਰੈਂਸਿਕ ਟੀਮ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੂਪਨਗਰ ਵਿੱਚ ਬੇਅਦਬੀ ਦੀ ਘਟਨਾ ਲਈ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਨੂੰ ਜ਼ਿੰਮੇਵਾਰ ਦੱਸਿਆ। ਗਿਆਨੀ ਗੁਰਬਚਨ ਸਿੰਘ ਮੁਤਾਬਕ ਅਜਿਹੀਆਂ ਘਟਨਾਵਾਂ ਸਬੰਧੀ ਵਾਰ ਵਾਰ ਦਿਸ਼ਾ ਨਿਰਦੇਸ਼ ਦੇਣ ਦੇ ਬਾਵਜੂਦ ਅਮਲ ਕਿਉਂ ਨਹੀਂ ਕੀਤਾ ਜਾਂਦਾ। ਇਸਦੇ ਨਾਲ ਹੀ ਜੱਥੇਦਾਰ ਵੱਲੋਂ ਗੁਰਦੁਆਰਿਆਂ ਵਿੱਚ ਸੀਸੀਟੀਵ ਕੈਮਰੇ ਲਾਉਣ ਅਤੇ ਗ੍ਰੰਥੀ ਜਾਂ ਸੇਵਦਾਰ ਵਿਚੋਂ ਕਿਸੇ ਇੱਕ ਨੂੰ ਗੁਰਦੁਆਰੇ ਵਿੱਚ ਰਹਿਣ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਹਨ।


ਬੇਅਦਬੀ ਦੀ ਇਸ ਘਟਨਾ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ।  ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਘਟਨਾ ਦੀ ਨਿਖੇਧੀ ਕਰਦੇ ਹੋਏ ਕੈਪਟਨ ਸਰਕਾਰ ਨੂੰ ਕੁੰਭਕਰਣੀ ਨੀਂਦ ਤੋਂ ਜਾਗਣ ਦੀ ਅਪੀਲ ਕੀਤੀ।

ਕਾਂਗਰਸ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸ ਰਹੀ ਹੈ। ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਇਸ ਨੂੰ ਗੰਭੀਰਤਾਂ ਨਾਲ ਲੈਣ ਤਾਂ ਜੋ ਕੋਈ ਸ਼ਰਾਰਤੀ ਅਨਸਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਨਾ ਲਾ ਸਕੇ।

ਫਿਲਹਾਲ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਇਸ ਸਬੰਧੀ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਪਰ ਸੂਬੇ 'ਚ ਇਕ ਤੋਂ ਬਾਅਦ ਇੱਕ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਜਿਨ੍ਹਾਂ ਦਾ ਸਿੱਖਾਂ ਵਿੱਚ ਭਾਰੀ ਰੋਸ ਹੈ।

SHOW MORE