ਡਾ.ਓਬਰਾਏ ਅਪਣੇ ਖਰਚ ’ਤੇ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਦੇਖੋ ਵੀਡੀਓ
Punjab | 05:56 PM IST Nov 14, 2019
ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ,ਵੰਡ ਛੱਕਣ ਤੇ ’ਸਰਬੱਤ ਦੇ ਭਲੇ’ ਦੀ ਭਾਵਨਾ ਤੇ ਪਹਿਰਾ ਦੇਣ ਵਾਲੇ ਦੁਬਈ ਦੇ ਨਾਂਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਮਿਸਾਲੀ ਪਹਿਲਕਦਮੀ ਕਰਦਿਆਂ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਪੜਾਵਾਂ ਤਹਿਤ 550-550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ 'ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ।
ਡਾ: ਓਬਰਾਏ ਨੇ ਦੱਸਿਆ ਕਿ ਮੇਰੀ ਇੱਛਾ ਹੈ ਕਿ ਵੱਧ ਤੋਂ ਵੱਧ ਬਾਬੇ ਨਾਨਕ ਦੇ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫੈਸਲਾ ਅਨੁਸਾਰ ਪਹਿਲੇ ਪੜਾਅ ਤਹਿਤ 1 ਦਸੰਬਰ 2019 ਤੋਂ ਲੈ ਕੇ 31ਮਈ 2020 ਤੱਕ 550 ਜਦ ਕਿ ਦੂਜੇ ਪੜਾਅ 'ਚ 1 ਜੂਨ ਤੋਂ ਲੈ ਕੇ 30 ਨਵੰਬਰ ਤੱਕ ਵੀ 550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ 'ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਮਹੀਨੇ ਦੇ ਦੂਜੇ ਤੇ ਚੌਥੇ ਹਫ਼ਤੇ ਨਿਰਧਾਰਤ ਕੀਤੇ ਜਾਣ ਵਾਲੇ ਦਿਨ 50-50 ਸ਼ਰਧਾਲੂ ਜੱਥੇ ਦੇ ਰੂਪ ਵਿੱਚ ਦਰਸ਼ਨ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਟਰੱਸਟ ਵੱਲੋਂ ਇੱਕ ਵਿਸ਼ੇਸ਼ ਫਾਰਮ ਤਿਆਰ ਕੀਤਾ ਗਿਅਾ ਹੈ ਜੋ ਟਰੱਸਟ ਦੇ ਸਾਰੇ ਜ਼ਿਲ੍ਹਾ ਦਫ਼ਤਰਾਂ 'ਚ ਉਪਲਬਧ ਹੋਵੇਗਾ। ਇਸ ਫ਼ਾਰਮ 'ਚ ਬਕਾਇਦਾ ਯਾਤਰਾ ਕਰਨ ਵਾਲੇ ਦੀ ਲੋੜੀਂਦੀ ਸਮੁੱਚੀ ਜਾਣਕਾਰੀ ਦਰਜ ਕੀਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਜੋ ਸ਼ਰਧਾਲੂ ਆਪਣੇ ਘਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਲਾਂਘੇ ਤੱਕ ਦਾ ਕਿਰਾਇਆ ਵੀ ਆਪਣੇ ਕੋਲੋਂ ਨਹੀਂ ਖ਼ਰਚ ਸਕੇਗਾ ਉਸ ਦਾ ਇਸ ਖ਼ਰਚ ਸਮੇਤ ਸਮੁੱਚਾ ਖ਼ਰਚ ਹੀ ਟਰੱਸਟ ਵੱਲੋਂ ਕੀਤਾ ਜਾਵੇਗਾ ਜਦ ਕਿ ਪਾਕਿਸਤਾਨ ਜਾਣ ਵਾਲੇ ਹਰ ਜਥੇ ਨਾਲ ਉਨ੍ਹਾਂ ਦੀ ਸਹੂਲਤ ਲਈ ਟਰੱਸਟ ਦੇ ਦੋ ਸੇਵਾਦਾਰ ਵੀ ਨਾਲ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਟਰੱਸਟ ਦੀ ਇਸ ਸੇਵਾ ਦਾ ਲਾਭ ਲੈਣ ਦੇ ਚਾਹਵਾਨ ਸ਼ਰਧਾਲੂ ਟਰੱਸਟ ਦੇ ਜਲੰਧਰ ਵਿਚਲੇ ਦਫ਼ਤਰ ਦੇ ਹੈਲਪ ਲਾਈਨ ਨੰਬਰ 01815096900 ਤੇ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਸੰਪਰਕ ਕਰ ਸਕਦੇ ਹਨ ।