Faridkot : ਨਸ਼ੇ ਦੀ ਓਵਰਡੋਜ਼ ਨਾਲ 25 ਸਾਲਾ ਨੌਜਵਾਨ ਦੀ ਮੌਤ
Punjab | 09:15 PM IST Nov 13, 2022
ਫਰੀਦਕੋਟ- ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਦੂਜੇ ਪਾਸੇ ਸਰਕਾਰਾਂ ਨਸ਼ਿਆਂ ਨੂੰ ਠੱਲ ਪਾਉਣ ਦੀ ਗੱਲ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਤਾਜਾ ਮਾਮਲਾ ਪੰਜਾਬ ਦੇ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਦੇ ਪਿੰਡ ਭਾਣਾ ਵਿੱਚ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਮ੍ਰਿਤਕ ਦੇ ਦੋ ਦੋਸਤਾਂ ਅਤੇ ਪਿੰਡ ਚਾਹਿਲ ਵਾਸੀ ਇੱਕ ਨਸ਼ਾ ਤਸਕਰ ਨੂੰ ਨਾਮਜ਼ਦ ਕੀਤਾ ਹੈ। ਦੋਵਾਂ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮ੍ਰਿਤਕ ਦੇ ਭਰਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਉਸ ਦੇ ਭਰਾ ਸੁਖਚੈਨ ਸਿੰਘ ਨੂੰ ਉਸੇ ਪਿੰਡ ਦੇ ਹੀ ਦੋ ਨੌਜਵਾਨ ਘਰੋਂ ਬੁਲਾ ਕੇ ਆਪਣੇ ਨਾਲ ਲੈ ਕੇ ਗਏ ਸੀ ਅਤੇ ਕਾਫੀ ਦੇਰ ਬਾਅਦ ਉਹ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਵਾਪਸ ਛੱਡ ਆਏ ਸਨ। ਸੁਖਚੈਨ ਸਿੰਘ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸੇ ਤਰ੍ਹਾਂ ਬਠਿੰਡਾ ਦੇ ਗੋਨਿਆਣਾ ਰੋਡ 'ਤੇ ਥਾਣਾ ਨੇਹੀਆਂਵਾਲਾ ਅਧੀਨ ਪੈਂਦੇ ਪਿੰਡ ਹਰੀਪੁਰ 'ਚ ਐਤਵਾਰ ਸਵੇਰੇ ਇਕ ਖੰਡਰ ਘਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ। ਨੌਜਵਾਨ ਦੀ ਬਾਂਹ 'ਤੇ ਟੀਕੇ ਦੇ ਨਿਸ਼ਾਨ ਸਨ ਅਤੇ ਖੂਨ ਵਹਿ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।