HOME » Videos » Punjab
Share whatsapp

ਝੋਨੇ ਦੀਆਂ ਬੋਰੀਆਂ ਨਾਲ ਭਰੇ ਟਰੱਕ 'ਚ ਲੱਗੀ ਅੱਗ, ਹਾਦਸੇ 'ਚ ਡ੍ਰਾਈਵਰ ਜ਼ਿੰਦਾ ਸੜਿਆ, ਮੌਤ

Punjab | 07:37 PM IST Oct 27, 2018

ਅੰਮ੍ਰਿਤਸਰ-ਫਿਰੋਜ਼ਪੁਰ ਹਾਈਵੇ ਉੱਤੇ ਦੋ ਟਰੱਕਾਂ ਵਿੱਚ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਝੋਨੇ ਦੀਆਂ ਬੋਰੀਆਂ ਨਾਲ ਭਰੇ ਟਰੱਕ ਵਿੱਚ ਅੱਗ ਲੱਗ ਗਈ, ਜਿਸ ਦੌਰਾਨ ਟਰੱਕ ਡਰਾਈਵਰ ਜ਼ਿੰਦਾ ਸੜ ਗਿਆ, ਉੱਧਰ ਦੂਜੇ ਟਰੱਕ ਡਰਾਈਵਰ ਦੀ ਹਾਲਤ ਵੀ ਕਾਫੀ ਨਾਜ਼ੁਕ ਬਣੀ ਹੋਈ ਹੈ।

ਹਾਦਸਾ ਪਿੰਡ ਕੁੱਲਗੜੀ ਨੇੜੇ ਵਾਪਰਿਆ ਜਿਥੇ ਦੋਵੇਂ ਟਰੱਕਾਂ ਵਿੱਚ ਸਿੱਧੀ ਟੱਕਰ ਹੋਈ, ਇਸੇ ਟੱਕਰ ਦੌਰਾਨ ਟਰੱਕ ਦੀ ਤੇਲ ਵਾਲੀ ਟੈਂਕੀ ਫੱਟ ਗਈ ਤੇ ਇੱਕ ਵੱਡੇ ਧਮਾਕੇ ਨਾਲ ਟਰੱਕ ਵਿੱਚ ਭਿਆਨਕ ਅੱਗ ਲੱਗ ਗਈ। ਇੱਕ ਟਰੱਕ ਵਿੱਚ ਝੋਨਾ ਭਰਿਆ ਹੋਇਆ ਸੀ ਜਿਸ ਕਾਰਨ ਇਹ ਅੱਗ ਭਿਆਨਕ ਰੂਪ ਧਾਰਨ ਕਰ ਗਈ। ਟਰੱਕ ਦੇ ਡਰਾਇਵਰ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਤੇ ਕੁੱਝ ਹੀ ਪਲਾਂ ਵਿੱਚ ਟਰੱਕ ਸੜ ਕੇ ਸੁਆਹ ਹੋ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਸੰਬੰਧਿਤ ਥਾਣੇ ਦੀ ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਹਾਦਸੇ ਸਬੰਧੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਝੋਨੇ ਨਾਲ ਭਰਿਆ ਟਰੱਕ ਫਿਰੋਜ਼ਪੁਰ ਤੋਂ ਜ਼ੀਰਾ ਵੱਲ ਜਾ ਰਿਹਾ ਸੀ ਜਦੋਂਕਿ ਬਜਰੀ ਨਾਲ ਭਰਿਆ ਦੂਜਾ ਟਰੱਕ ਪਠਾਨਕੋਟ ਤੋਂ ਫਿਰੋਜ਼ਪੁਰ ਆ ਰਿਹਾ ਸੀ। ਪੁਲਿਸ ਮੁਤਾਬਕ ਬਜਰੀ ਨਾਲ ਭਰਿਆ ਟਰੱਕ ਓਵਰਲੋਡ ਸੀ ਤੇ ਤੇਜ਼ ਰਫਤਾਰ ਹੋਣ ਕਾਰਨ ਇਹ ਸਾਹਮਣੇ ਆ ਰਹੇ ਟਰਾਲੇ ਵਿੱਚ ਜਾ ਵੱਜਿਆ। ਹਾਦਸੇ ਤੋਂ ਬਾਅਦ ਅੱਗ ਦੀਆਂ ਲੱਪਟਾਂ ਕਈ-ਕਈ ਫੁੱਟ ਅਸਮਾਨ ਤੱਕ ਜਾ ਰਹੀਆਂ ਸਨ ਤੇ ਕਈ ਘੰਟੇ ਹਾਈਵੇ ਜਾਮ ਰਿਹਾ।

SHOW MORE