ਜੇਲ੍ਹ 'ਚ ਗੈਂਗਸਟਰ ਦਾ ਵਿਆਹ, ਵੀਡੀਓ ਆਈ ਸਾਹਮਣੇ
Punjab | 10:15 AM IST Oct 30, 2019
ਨਾਭਾ ਮੈਕਸੀਮਮ ਸਕਿਓਰਿਟੀ ਜੇਲ੍ਹ ਵਿੱਚ ਅੱਜ ਵਿਆਹ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਉਮਰ ਕੈਦ ਦੀ ਸਜ਼ਾ ਭੁਗਤ ਰਹੇ ਗੈਂਗਸਟਰ ਮਨਦੀਪ ਸਿੰਘ ਦਾ ਜੇਲ੍ਹ ਵਿੱਚ ਵਿਆਹ ਹੋਇਆ। ਇਹ ਇਹ ਪਹਿਲੀ ਵਾਰ ਹੈ, ਜਦੋਂ ਇਸ ਜੇਲ੍ਹ ਚ ਵਿਆਹ ਹੋਇਆ ਹੈ। ਮਨਦੀਪ ਸਿੰਘ ਦੀ ਲਾੜੀ ਵਿਆਹ ਦੇ ਲਾਲ ਜੋੜੇ ਵੱਚ ਸਜ ਕੇ ਜੇਲ੍ਹ ਪਹੁੰਚੀ ਅਤੇ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਪੁਲਿਸ ਪ੍ਰਸ਼ਾਸਨ ਨੇ ਇਸ ਵਿਆਹ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਜੇਲ੍ਹ ਦੇ ਬਾਹਰ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਹੈ।
ਗੈਂਗਸਟਰ ਮਨਦੀਪ ਸਿੰਘ ਆਪਣੇ ਪਿੰਡ ਦੇ ਸਰਪੰਚ ਤੇ ਉਸਦੇ ਗੰਨਮੈਨ ਦੀ ਹੱਤਿਆ ਦੇ ਦੋਹਰੇ ਕਤਲ ਕਾਂਡ ਦੇ ਦੋਸ਼ ਵਿਚ ਸਜ਼ਾ ਭੁਗਤ ਰਿਹਾ ਹੈ ਤੇ ਪਹਿਲਾਂ ਹੀ 10 ਸਾਲ ਜੇਲ੍ਹ ਵਿਚ ਗੁਜ਼ਾਰ ਚੁੱਕਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਜੈ ਤਿਵਾੜੀ ਅਤੇ ਐਨ ਐਸ ਗਿੱਲ 'ਤੇ ਆਧਾਰਿਤ ਦੋ ਮੈਂਬਰੀ ਬੈਂਚ ਨੇ ਨਾਭਾ ਜੇਲ੍ਹ ਅਧਿਕਾਰੀਆਂ ਨੂੰ ਦੋਵਾਂ ਦਾ ਵਿਆਹ ਕਰਵਾਉਣ ਵਾਸਤੇ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਸੀ। ਦੋਹਾਂ ਪਰਿਵਾਰ ਨੂੰ ਛੇ ਘੰਟੇ ਦੀ ਮੋਹਲਤ ਦਿੱਤੀ ਗਈ ਹੈ। ਮਨਦੀਪ ਸਿੰਘ ਪਿਤਾ ਚਮਕੌਰ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ ਜਦਕਿ ਉਸਦੇ ਭਰਾ ਤੇ ਭੈਣਾ ਵਿਦੇਸ਼ ਰਹਿੰਦੇ ਹਨ।
ਕਿਉਂ ਹੋਇਆ ਜੇਲ੍ਹ ਵਿੱਚ ਵਿਆਹ-
ਅਸਲ ਵਿਚ ਪਵਨਦੀਪ ਕੌਰ ਦਾ ਰਿਸ਼ਤਾ ਮਨਦੀਪ ਸਿੰਘ ਨਾਲ ਹੋਇਆ ਸੀ। 2016 ਵਿਚ ਦੋਹਾਂ ਦਾ ਵਿਆਹ ਤੈਅ ਹੋਇਆ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੈਦੀ ਮਨਦੀਪ ਸਿੰਘ ਨੂੰ ਇਕ ਮਹੀਨੇ ਦੀ ਪੈਰੋਲ ਨਹੀਂ ਦਿੱਤੀ। ਇਸ 'ਤੇ ਗੁੱਸੇ 'ਚ ਆਈ ਪਵਨਦੀਪ ਨੇ ਉਸਦੀ ਤਸਵੀਰ ਨਾਲ ਹੀ ਵਿਆਹ ਦਾ ਐਲਾਨ ਕਰ ਕੇ ਮਨਦੀਪ ਦੀ ਮਾਤਾ ਯਾਨੀ ਆਪਣੀ ਹੋਣ ਵਾਲੀ ਸੱਸ ਰਛਪਾਲ ਕੌਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਇਹ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਦੋਪੜਦ ਦਾ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਜੇਲ੍ਹ ਅੰਦਰ ਇਸ ਵਿਆਹ ਦੀ ਮਨਜ਼ੂਰੀ ਦਿੱਤੀ ਹੈ। ਅਦਾਲਤੀ ਹੁਕਮਾਂ ਅਨੁਸਾਰ ਅੱਜ ਦੋਹਾਂ ਦਾ ਵਿਆਹ ਜੇਲ੍ਹ ਵਿਚ ਹੀ ਮੌਜੂਦ ਗੁਰਦੁਆਰਾ ਸਾਹਿਬ ਅੰਦਰ ਪੂਰਨ ਗੁਰਮਰਿਆਦਾ ਅਨੁਸਾਰ ਸੰਪੰਨ ਹੋਇਆ।