HOME » Top Videos » Punjab
Share whatsapp

ਲੁਧਿਆਣਾ ’ਚ ਫਾਟਕ ਪਾਰ ਕਰਦੇ ਲੋਕਾਂ ਨੂੰ ਟਰੇਨ ਨੇ ਦਰੜਿਆ, 3 ਮੌਤਾਂ, ਕਈ ਜ਼ਖਮੀ

Punjab | 11:40 AM IST Mar 01, 2020

ਲੁਧਿਆਣਾ ਦੇ ਗੈਸਪੁਰਾ ਇਲਾਕੇ ’ਚ ਬਣੇ ਰੇਲ ਫਾਟਕ ਉਤੇ ਇਕ ਭਿਆਨਕ ਹਾਦਸਾ ਵਾਪਰਿਆ। ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਮੌਕੇ ਉਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ  6 ਲੋਕ ਇਸ ਹਾਦਸੇ ਦੇ ਕਾਰਨ ਗੰਭੀਰ ਜ਼ਖਮੀ ਹੋ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਨਾਲ ਹੋਇਆ ਹੈ। ਪਤਾ ਲੱਗਾ ਹੈ ਕਿ ਫਾਟਕ ਖੁੱਲ੍ਹਣ ਉਤੇ ਲੋਕ ਰੇਲ ਲਾਇਨ ਪਾਰ ਕਰ ਰਹੇ ਸਨ। ਇਸੇ ਸਮੇਂ ਇਕ ਹੋਰ ਟਰੇਨ ਆ ਗਈ ਤੇ ਲੋਕਾਂ ਨੂੰ ਥੱਲੇ ਦਰੜਦੀ ਗਈ। ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਫਾਟਕ ਖੁੱਲ੍ਹਿਆ ਹੋਇਆ ਸੀ। ਹਾਦਸੇ ਤੋਂ ਬਾਅਦ ਤਕਰੀਬਨ 25 ਮਿੰਟ ਤੱਕ ਟਰੇਨ ਖੜ੍ਹੀ ਰਹੀ ਸੀ।

ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਇੰਨਾ ਦਰਦਨਾਕ ਸੀ ਕਿ ਲੋਕਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ, ਜੋ ਕਿ ਕਾਫੀ ਦੂਰ ਤੱਕ ਜਾ ਕੇ ਡਿੱਗੇ ਅਤੇ ਵਾਹਨਾਂ ਦੇ ਵੀ ਪਰਖੱਚੇ ਉੱਡ ਗਏ। ਇਸ ਕਾਰਨ ਟਰੇਨ ਹਾਦਸੇ ਵਾਲੀ ਥਾਂ 'ਤੇ ਕਰੀਬ ਅੱਧਾ ਘੰਟਾ ਖੜ੍ਹੀ ਰਹੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਦੋਂਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ ਗਿਆ।

ਰੇਲਵੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਹਾਦਸੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਪਾਸੇ ਫਾਟਕ ਲੱਗੇ ਹੋਏ ਸਨ। ਪਹਿਲਾਂ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਟਰੇਨ ਨਿਕਲੀ ਤਾਂ ਜਲਦਬਾਜ਼ੀ 'ਚ ਕਈ ਲੋਕ ਆਪਣੇ ਵਾਹਨ ਲੈ ਕੇ ਨਿਕਲ ਗਏ। ਕੁਝ ਹੀ ਮਿੰਟਾਂ ਬਾਅਦ ਨਵੀਂ ਦਿੱਲੀ ਵੱਲੋਂ ਸ਼ਤਾਬਦੀ ਐਕਸਪ੍ਰੈੱਸ ਆ ਰਹੀ ਸੀ, ਜਿਸ ਦੀ ਸਪੀਡ ਕਾਫੀ ਤੇਜ਼ ਸੀ। ਵਾਹਨ ਸਵਾਰ ਲੋਕ ਇਕਦਮ ਵਾਪਸ ਨਾ ਹੋ ਸਕੇ ਕਿਉਂਕਿ ਉਨ੍ਹਾਂ ਦੇ ਪਿੱਛੇ ਵੀ ਵਾਹਨ ਸਨ। ਇਸ ਜਲਦਬਾਜ਼ੀ 'ਚ ਉਹ ਜਾਨ ਗੁਆ ਬੈਠੇ।

ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਨੇੜੇ ਲੱਗਦੇ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

SHOW MORE