HOME » Videos » Punjab
Share whatsapp

ਮਿਲੋ 'ਆਰਟਿਸਟ ਗਿੱਲ' ਨੂੰ ਜੋ ਤੁਹਾਡੇ ਸਰੀਰ 'ਚ ਸਮਾ ਦਿੰਦਾ ਹੈ ਮਾਪਿਆਂ ਦੀ ਰੂਹ...

Punjab | 07:08 PM IST Apr 16, 2018

ਤੁਸੀਂ ਟੈਟੂ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਹਰ ਕੋਈ ਫੁੱਲਾਂ, ਨਾਵਾਂ ਜਾਂ ਕਿਸੇ ਹੋਰ ਚੀਜ਼ਾਂ ਦਾ ਟੈਟੂ ਬਣਾਉਂਦੇ ਪਰ ਲੁਧਿਆਣਾ ਦੇ ਗੁਰੂਸਰ ਸਧਾਰ ਦੇ ਰਣਦੀਪ ਸਿੰਘ ਗਿੱਲ ਅਜਿਹੇ ਟੈਟੂ ਆਰਟਿਸਟ ਹਨ ਜੋ ਲੋਕਾਂ ਦੀਆਂ ਤਸਵੀਰਾਂ ਨੂੰ ਟੈਟੂ ਦੇ ਰੂਪ ਵਿੱਚ ਬਣਾਉਂਦੇ ਹਨ।  ਰਣਦੀਪ ਗਿੱਲ 'ਆਰਟਿਸਟ ਗਿੱਲ' ਦੇ ਨਾਮ ਤੋਂ ਨਾ ਸਿਰਫ਼ ਪੰਜਾਬ ਸਗੋਂ ਪੂਰੀ ਦੁਨੀਆਂ ਵਿੱਚ ਆਪਣੇ ਪੋਰਟਰੇਟ ਟੈਟੂਸ ਲਈ ਮਸ਼ਹੂਰ ਹਨ। ਇਹਨਾਂ ਕੋਲ ਉਹ ਲੋਕ ਆਪਣੇ ਖ਼ਾਸ ਲੋਕਾਂ ਦੀਆਂ ਤਸਵੀਰਾਂ ਦਾ ਟੈਟੂ ਬਣਵਾਉਣ ਆਉਂਦੇ ਹਨ ਜਿਨ੍ਹਾਂ ਨੂੰ ਉਹ ਆਪਣੀ ਜ਼ਿੰਦਗੀ 'ਚੋਂ ਗਵਾ ਚੁੱਕੇ ਹੁੰਦੇ ਹਨ।

ਕਿਤਾਬਾਂ 'ਤੇ ਚਿੱਤਰ ਬਣਾ-ਬਣਾ ਕੇ ਸ਼ੌਂਕ ਜਾਗਿਆ...

ਰਣਦੀਪ ਦੱਸਦੇ ਹਨ ਕਿ ਉਹ ਸਕੂਲ ਵਿੱਚ ਅਕਸਰ ਆਪਣੀਆਂ ਕਿਤਾਬਾਂ 'ਤੇ ਕੁੱਝ ਨਾ ਕੁੱਝ ਬਣਾਉਂਦੇ ਰਹਿੰਦੇ ਸਨ ਜਿਸ ਤੋਂ ਬਾਅਦ ਉਹਨਾਂ ਵਿੱਚ ਚਿੱਤਰਕਾਰੀ ਦਾ ਸ਼ੌਂਕ ਜਾਗ ਗਿਆ। ਉਸ ਤੋਂ ਬਾਅਦ ਉਹਨਾਂ ਮਹਿਤਿਆਣਾ ਸਾਹਿਬ ਤੋਂ ਪੇਂਟਿੰਗ ਤੇ ਬੁੱਤ ਬਣਾਉਣ ਦੀ ਸਿਖਲਾਈ ਲਈ।  ਹਾਲਾਂਕਿ ਜਦੋਂ ਉਨ੍ਹਾਂ ਨੇ ਬੈਚਲਰ ਆਫ਼ ਫਾਈਨ ਆਰਟਸ ਦੀ ਟ੍ਰੇਨਿੰਗ ਚੰਡੀਗੜ੍ਹ ਆਰਟਸ ਕਾਲਜ ਤੋਂ ਲੈਣੀ ਚਾਹੀ ਤਾਂ ਉਨ੍ਹਾਂ ਨੂੰ ਕਿਸੇ ਕਾਰਨ ਕਰਕੇ ਦਾਖ਼ਲਾ ਨਹੀਂ ਮਿਲ ਸਕਿਆ।  ਉਸ ਸਮੇਂ ਨੂੰ ਯਾਦ ਕਰਦੇ ਹੋਏ ਰਣਦੀਪ ਨੇ  ਕਿਹਾ,"ਮੈਂ ਸੁਤੰਤਰਤਾ ਸੈਨਾਨੀ ਕੋਟੇ 'ਚ ਆਰਟਸ ਕਾਲਜ 'ਚ ਪੇਪਰ ਪਾਸ ਕਰ ਲਿਆ ਸੀ ਪਰ ਮੈਨੂੰ ਦਾਖ਼ਲਾ ਨਹੀਂ ਮਿਲ ਪਾਇਆ ਕਿਉਂਕਿ ਸੁਤੰਤਰਤਾ ਸੈਨਾਨੀ ਦੇ ਕੋਟੇ ਨਾਲ ਅੱਧੀ ਸੀਟ ਹੀ ਬਣਦੀ ਸੀ।  ਜਿਸ ਕਰਕੇ ਦਾਖਲਾ ਨਹੀਂ ਮਿਲ ਸਕਿਆ ਪਰ ਮੈਨੂੰ ਇਸ 'ਤੇ ਕੋਈ ਪਛਤਾਵਾ ਨਹੀਂ।" ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਸਧਾਰ ਵਿੱਚ ਆਪਣਾ ਸਟੂਡੀਓ ਖੋਲ ਕੇ ਟੈਟੂ ਬਣਾਉਣ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਪਿੱਛਲੇ ਇੱਕ ਸਾਲ ਤੋਂ ਮੋਹਾਲੀ ਵਿੱਚ ਆਪਣਾ ਟੈਟੂ ਸਟੂਡੀਓ ਬਣਾ ਕੇ ਆਪਣੇ ਹੁਨਰ ਦੀ ਵਾਹ-ਵਾਹੀ ਖੱਟ ਰਹੇ ਹਨ।

ਸੋਸ਼ਲ ਮੀਡੀਆ 'ਤੇ 'ਆਰਟਿਸਟ ਗਿੱਲ' ਦੇ ਹਨ ਲੱਖਾਂ 'ਚ ਫੋਲੋਅਰਸ...

ਗਿੱਲ ਦੇ ਫੇਸਬੁੱਕ ਪੇਜ 'ਤੇ 125,425 ਫੋਲੋਅਰਸ ਨੇ ਤੇ ਇੰਸਟਾਗ੍ਰਾਮ 'ਤੇ 75,000 ਲੋਕੀਂ ਇਹਨਾਂ ਨੂੰ ਫੋਲੋ ਕਰ ਰਹੇ ਹਨ। ਗਿੱਲ ਨੇ ਦੱਸਿਆ ਕਿ, "ਸੋਸ਼ਲ ਮੀਡਿਆ 'ਤੇ ਮੈਂ ਪਿੱਛਲੇ ਇੱਕ ਸਾਲ ਤੋਂ ਹੀ ਆਪਣਾ ਕੰਮ ਪਾਉਣਾ ਸ਼ੁਰੂ ਕੀਤਾ ਹੈ ਪਰ ਉਸ ਤੋਂ ਪਹਿਲਾਂ ਲੋਕੀਂ ਮੇਰੇ ਕੋਲ ਇੱਕ-ਦੂਜੇ ਤੋਂ ਸੁਣ ਕੇ ਹੀ ਆਉਂਦੇ ਸਨ।"

"ਮੈਂ ਪੋਰਟਰੇਟ ਟੈਟੂ ਨੂੰ ਕਿਸੀ ਟਰੇਂਡ 'ਚ ਨਹੀਂ ਗਿਣਦਾ ਹਾਂ, ਇਹ ਮੇਰੇ ਲਈ ਇੱਕ ਯਾਦ ਹੈ। ਜ਼ਿਆਦਾਤਰ ਲੋਕੀਂ ਖਾਸ ਕਰਕੇ ਨੌਜਵਾਨ ਜਿਨ੍ਹਾਂ ਦੇ ਮਾਂ-ਪਿਓ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਹੁੰਦੇ ਉਹਨਾਂ ਦਾ ਪੋਰਟਰੇਟ ਟੈਟੂ ਬਣਵਾਉਣ ਆਉਂਦੇ ਹਨ, ਜੋ ਕਿ ਮੈਨੂੰ ਵਧੀਆ ਲੱਗਦਾ ਹੈ ਕਿ ਉਹ ਇਸ ਚੀਜ਼ ਨੂੰ ਦਿਲੋਂ ਬਣਵਾ ਰਹੇ ਹਨ।ਮੈਨੂੰ ਇੱਕ ਟੈਟੂ ਬਣਾਉਣ ਲੱਗਿਆ 5 ਤੋਂ 6 ਘੰਟੇ ਲੱਗਦੇ ਹਨ ਪਰ ਉੱਥੇ ਸਮਾਂ ਦਾ ਵੀ ਧਿਆਨ ਨਹੀਂ ਰਹਿੰਦਾ ਜਦੋਂ ਲੋਕ ਇੰਨੀਆਂ ਰੀਝਾਂ ਨਾਲ ਆਪਣਿਆਂ ਦੀ ਯਾਦ ਨੂੰ ਆਪਣੇ ਸਰੀਰ 'ਤੇ ਘੜਵਾਉਣ ਲਈ ਆਉਂਦੇ ਹਨ।"

SHOW MORE