HOME » Top Videos » Punjab
Share whatsapp

ਹੜ੍ਹ ਪੀੜਤਾਂ ਨੂੰ ਮਦਦ ਲਈ 2-2 ਹਜ਼ਾਰ ਰੁਪਏ ਦਿੱਤੇ ਜਾਣਗੇ-ਮੰਤਰੀ ਗੁਰਪ੍ਰੀਤ ਕਾਂਗੜ

Punjab | 05:40 PM IST Aug 22, 2019

ਇੱਕ ਪਾਸੇ ਮੁੱਖ ਮੰਤਰੀ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇ ਰਹੇ ਹਨ ਤਾਂ ਦੂਜੇ ਪਾਸੇ ਸਰਕਾਰ ਮੁਆਵਜ਼ੇ ਦੇ ਨਾਮ ਤੇ ਹੜ੍ਹ ਪੀੜਤਾਂ ਨਾਲ ਫਿਲਹਾਲ ਤਾਂ ਮਜ਼ਾਕ ਹੀ ਕਰ ਰਹੀ ਹੈ। ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਕਾਂਗੜ ਮੁਤਾਬਕ ਪੀੜਤ ਪਰਿਵਾਰਾਂ ਨੂੰ ਫੌਰੀ ਰਾਹਤ ਵਜੋਂ 2-2 ਹਜ਼ਾਰ ਰੁਪਏ ਦਿੱਤੇ ਜਾਣਗੇ। ਲੱਖਾਂ ਦਾ ਨੁਕਸਾਨ ਝੱਲ ਰਹੇ ਹੜ੍ਹ ਪੀੜਤਾਂ ਨੂੰ ਇੰਨੀ ਮਾਮੂਲੀ ਜਿਹੀ ਆਰਥਿਕ ਮਦਦ ਜ਼ਖਮਾ ਤੇ ਲੂਣ ਛਿੜਕਣ ਵਰਗੀ ਹੈ।

ਹੜ੍ਹਾਂ ਦੇ ਮੁੱਦੇ ਤੇ ਅਕਾਲੀ ਦਲ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਿਹਾ ਹੈ। ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਭਾਖੜਾ-ਬਿਆਨ ਮੈਨੇਜਮੈਂਟ ਬੋਰਡ ਦੀ ਲਾਪਰਵਾਹੀ ਕਰਕੇ ਹੀ ਪੰਜਾਬ ਤੇ ਹੜ੍ਹਾਂ ਦੀ ਮਾਰ ਪਈ ਹੈ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਪਾਰਟੀ ਜਲਦੀ ਹੀ ਇਸ ਨੂੰ ਲੈ ਕੇ ਜਨਹਿਟ ਪਟੀਸ਼ਨ ਦਾਖਲ ਕਰੇਗੀ। ਚੰਦੂਮਾਜਰਾ ਨੇ ਮੰਗ ਕੀਤੀ ਕਿ ਹੜ੍ਹਾਂ ਕਰਕੇ ਪੰਜਾਬ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਕਿ ਉਸ ਦੀ ਭਰਪਾਈ BBMB ਕਰੇ।

ਉੱਧਰ ਦੂਜੇ ਪਾਸੇ ਸੂਬੇ ਦਾ ਆਫਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ BBMB ਦਾ ਬਚਾਅ ਕੀਤਾ ਹੈ। ਕਾਂਗੜ ਨੇ ਕਿਹਾ ਕਿ ਜੇ ਡੈਮ ਤੋਂ ਪਾਣੀ ਨਾ ਛੱਡਿਆ ਜਾਂਦਾ, ਤਾਂ ਇਸ ਦਾ ਖਾਮਿਆਜ਼ਾ ਇਹ ਹੁੰਦਾ ਕਿ ਪੂਰਾ ਪੰਜਾਬ ਹੀ ਪਾਣੀ ਚ ਡੁੱਬ ਜਾਂਦਾ। ਪਰ ਨਾਲ ਹੀ ਕਾਂਗੜ ਇਹ ਵੀ ਕਿਹਾ BBMB ਦਾ ਚੇਅਰਮੈਨ ਪੰਜਾਬ ਤੋਂ ਹੀ ਹੋਣਾਂ ਚਾਹੀਦਾ ਹੈ।

ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਮੰਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 1958 ਤੋਂ ਬਾਅਦ ਹੁਣ ਤੱਕ ਦਾ ਭਾਖੜਾ ਡੈਮ ਵਿੱਚੋਂ ਸਤਲੁਜ ਦਰਿਆ ਵਿੱਚ ਇਸ ਵਾਰ ਸਭ ਤੋਂ ਵੱਧ ਪਾਣੀ ਛੱਡਿਆ ਗਿਆ ਜਿਸ ਨਾਲ ਖੜ੍ਹੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਅਤੇ ਪੇਂਡੂ ਰਿਹਾਇਸ਼ੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਮੁੱਢਲੇ ਅਨੁਮਾਨਾਂ ਅਨੁਸਾਰ ਇਨ੍ਹਾਂ ਹੜ੍ਹਾਂ ਕਾਰਨ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਪ੍ਰਭਾਵਿਤ ਖੇਤਰਾਂ ਵਿੱਚ ਕੁਦਰਤੀ ਆਫ਼ਤ ਐਲਾਨੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਫੌਜ ਵੱਲੋਂ ਵੀ ਜ਼ਰੂਰੀ ਮਦਦ ਲਈ ਜਾ ਰਹੀ ਹੈ।

ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਕਈ ਥਾਵਾਂ ਖਾਸ ਕਰ ਕੇ ਰੋਪੜ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ 100 ਤੋਂ ਵੱਧ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਫਸਲਾਂ ਬਰਬਾਦ ਹੋਈਆ ਹਨ ਅਤੇ ਘਰਾਂ ਦੇ ਨਾਲ-ਨਾਲ ਕਈ ਥਾਵਾਂ ਉਤੇ ਪੇਂਡੂ ਤੇ ਸ਼ਹਿਰੀ ਖੇਤਰਾਂ ਦਾ ਬੁਨਿਆਦੀ ਢਾਂਚਾ ਵੀ ਬਹੁਤ ਨੁਕਸਾਨਿਆ ਗਿਆ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਸੂਬੇ ਵਿੱਚ 326 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਪਾਣੀ ਵਿੱਚ ਡੁੱਬਣ ਕਾਰਨ 1.20 ਲੱਖ ਏਕੜ ਰਕਬੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ।

SHOW MORE