HOME » Videos » Punjab
Share whatsapp

ਮਲੋਟ ਰੈਲੀ: ਗੱਲੀਂ ਬਾਤੀਂ ਹੀ ਸਾਰ ਗਏ ਮੋਦੀ, ਕਿਸਾਨਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ ਤੁਰਦੇ ਬਣੇ

Punjab | 07:15 PM IST Jul 11, 2018

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਵਿਚ ‘ਕਿਸਾਨ ਕਲਿਆਣ ਰੈਲੀ’ ਤੋਂ ਪੰਜਾਬ ਸਰਕਾਰ ਤੇ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਸਨ, ਪਰ ਕਿਸਾਨਾਂ ਲਈ ਕੋਈ ਵੱਡਾ ਐਲਾਨ ਕਰਨ ਦੀ ਥਾਂ ਮੋਦੀ ਗੱਲੀਂ ਬਾਤੀਂ ਹੀ ਸਾਰ ਗਏ। ਦੱਸ ਦਈਏ ਕਿ ਇਸ ਰੈਲੀ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਮੋਦੀ ਨੂੰ ਜੀ ਆਇਆਂ ਆਖਦਿਆਂ ਮੰਗ ਰੱਖੀ ਸੀ ਕਿ ਪੰਜਾਬ ਵਿਚ ਆਏ ਹੋ ਤਾਂ ਕਿਸਾਨਾਂ ਦੀ ਕਰਜ਼ ਮੁਆਫੀ ਤੇ ਸਵਾਮੀਨਾਥਨ ਰਿਪੋਰਟ ਦੀ ਸਿਫਾਰਸ਼ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਬਾਰੇ ਐਲਾਨ ਕਰ ਕੇ ਜਾਵੋ। ਪਰ ਇਸ ਬਾਰੇ ਕੋਈ ਐਲਾਨ ਦੀ ਥਾਂ ਮੋਦੀ ਪੰਜਾਬ ਦੇ ਕਿਸਾਨਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ ਤੁਰਦੇ ਬਣੇ। ਰੈਲੀ ਵਿੱਚ ਪੰਜਾਬ ਤੋਂ ਇਲਾਵਾ ਤੇ ਰਾਜਸਥਾਨ ਦੇ ਕਿਸਾਨ ਇਕੱਠੇ ਕੀਤੇ ਗਏ।

ਦੱਸ ਦਈਏ ਕਿ ਪੰਜਾਬ ਵਿਚ ਕਿਸਾਨੀ ਸੰਕਟ ਤੇ ਨਸ਼ਿਆਂ ਦੇ ਰਾਹ ਪਈ ਜਵਾਨੀ ਵੱਡੇ ਮਸਲੇ ਹਨ ਪਰ ਇਸ ਬਾਰੇ ਕੋਈ ਗੱਲ ਹੀ ਨਾ ਤੋਰੀ ਗਈ। ਰੈਲੀ ਵਿੱਚ ਮੋਦੀ ਨੇ ਕਿਸਾਨਾਂ ਲਈ ਕੀਤੇ ਕੰਮ ਗਿਣਾਏ ਤੇ ਇੱਕ ਹੋਰ ਮੌਕਾ ਮੰਗਿਆ। ਮੋਦੀ ਨੇ ਪੰਜਾਬੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਰਹੱਦ ਦੀ ਸੁਰੱਖਿਆ ਵੀ ਕੀਤੀ ਤੇ ਦੇਸ਼ ਲਈ ਅੰਨ ਵੀ ਪੈਦਾ ਕੀਤਾ। ਦੁਨੀਆਂ ਦੇ ਹਰ ਖ਼ਿੱਤੇ ਵਿੱਚ ਪੰਜਾਬੀਆਂ ਨੇ ਆਪਣਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨ ਅੱਗੇ ਵੱਡੀ ਪੈਦਾਵਾਰ ਲਈ ਸਿਰ ਝਕਉਂਦੇ ਹਨ। ਪਰ ਕਿਸਾਨਾਂ ਦਾ ਰੋਸ ਹੈ ਕਿ ਕਿਸਾਨ ਮਸਲੇ, ਗੱਲਾਂ ਨਾਲ ਹੱਲ ਨਹੀਂ ਹੋਣੇ।

ਮਲੋਟ ਰੈਲੀ: ਗੱਲੀਂ ਬਾਤੀਂ ਹੀ ਸਾਰ ਗਏ ਮੋਦੀ


ਦੱਸ ਦਈਏ ਕਿ ਇਸ ਰੈਲੀ ਨੂੰ ਧੰਨਵਾਦ ਰੈਲੀ ਵਜੋਂ ਪ੍ਰਚਾਰਿਆ ਗਿਆ ਸੀ। ਝੋਨੇ ਸਮੇਤ ਹੋਰ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਵਾਧੇ ਤੋਂ ਬਾਅਦ ਐਨਡੀਏ ਸਰਕਾਰ ਦੀ ਪੰਜਾਬ ਵਿਚ ਇਹ ਸਭ ਤੋਂ ਵੱਡੀ ਰੈਲੀ ਸੀ। ਦਾਅਵਾ ਕੀਤਾ ਜਾ ਰਿਹਾ ਸੀ ਕਿ ਮੋਦੀ ਕਿਸਾਨਾਂ ਲਈ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ। ਮੋਦੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਇਕ ਰੈਲੀ ਦੌਰਾਨ ਕੇਂਦਰ ਵਿਚ ਭਾਜਪਾ ਸਰਕਾਰ ਬਣਨ ਉਤੇ ਪੂਰੇ ਦੇਸ਼ ਵਿਚ ਸਵਾਮੀਨਾਥਨ ਰਿਪੋਰਟ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ, ਪਰ ਸਾਢੇ ਚਾਰ ਸਾਲ ਬਾਅਦ ਵੀ ਇਹ ਸਿਰਫ ਐਲਾਨ ਹੀ ਰਿਹਾ। ਹੁਣ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ਵਿਚ ਵਾਧਾ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣਾ ਵਾਅਦਾ ਪੁਗਾ ਦਿੱਤਾ ਹੈ ਪਰ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਇਸ ਵਾਧੇ ਤੋਂ ਖੁਸ਼ ਨਹੀਂ ਹਨ।

ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਡੀਜ਼ਲ ਦੀਆਂ ਕੀਮਤਾਂ ਵਿੱਚ 17-18 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ 2 ਰੁਪਏ ਐਮਐਸਪੀ ਦਾ ਵਾਧਾ ਕਰਕੇ ਕੇਂਦਰ ਸਰਕਾਰ ਕਹਿ ਰਹੀ ਕਿ ਉਨ੍ਹਾਂ ਨੇ ਕਿਸਾਨਾਂ ਦਾ ਭਲਾ ਕੀਤਾ ਹੈ। ਫ਼ਸਲ ਉੱਤੇ ਹਜ਼ਾਰਾਂ ਰੁਪਇਆਂ ਦਾ ਖਰਚਾ ਹੋ ਜਾਂਦਾ ਹੈ ਤੇ ਇਹ 2 ਰੁਪਏ ਉਨ੍ਹਾਂ ਲਈ ਭੀਖ ਦੇ ਬਰਾਬਰ ਹੈ ਜਿਸ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੈ ਤੇ ਇਸ ਲਈ ਹੀ ਕਿਸਾਨ ਆਤਮਹੱਤਿਆ ਕਰ ਰਹੇ ਹਨ ਤੇ ਉਹ ਇਸ ਰੈਲੀ ਨੂੰ ਕਿਸਾਨ ਕਲਿਆਣ ਰੈਲੀ ਨਹੀਂ ਕਹਿਣਗੇ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਇਹ ਰੈਲੀ ਸਿਰਫ ਡਰਾਮਾ ਸੀ। ਜੇਕਰ ਮੋਦੀ ਨੂੰ ਕਿਸਾਨਾਂ ਦਾ ਫਿਕਰ ਸੀ ਤਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਕਿਸਾਨ ਮਸਲਿਆਂ ਬਾਰੇ ਗੱਲਬਾਤ ਕਰਦੇ। ਉਨ੍ਹਾਂ ਕਿਹਾ ਕਿ ਅਕਾਲੀ ਸਿਰਫ ਮੋਦੀ ਦੀ ਚਾਪਲੂਸੀ ਕਰ ਰਹੇ ਹਨ। ਉਧਰ, ਕਿਸਾਨਾਂ ਨੇ ਕਾਫੀ ਥਾਈਂ ਮੋਦੀ ਦੀ ਰੈਲੀ ਦਾ ਵਿਰੋਧ ਕੀਤਾ।

ਉਧਰ, ਅਕਾਲੀ ਆਗੂ ਵੀ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ ਦੀ ਥਾਂ ਆਪਣੇ ਸਿਆਸੀ ਵਿਰੋਧੀਆਂ ਨੂੰ ਘੇਰਦੇ ਰਹੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਗਾਂਧੀ ਪਰਿਵਾਰ ਨੇ ਸਿਰਫ਼ ਰਾਜ ਕੀਤਾ ਪਰ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ। ਕਿਸਾਨਾਂ ਦੀ ਆਵਾਜ਼ ਸਿਰਫ ਪ੍ਰਕਾਸ਼ ਸਿੰਘ ਬਾਦਲ, ਚੌਧਰੀ ਚਰਨ ਸਿੰਘ ਤੇ ਦੇਵੀ ਲਾਲ ਉਠਾਉਂਦੇ ਰਹੇ। ਮੋਦੀ ਨੇ ਕਿਸਾਨਾਂ ਨੂੰ ਵਚਨ ਦਿੱਤਾ ਸੀ ਕਿ ਕਿਸਾਨਾਂ ਦੀ ਆਮਦਨ ਵਧਾਉਣਗੇ ਤੇ ਓਹੀ ਪੂਰਾ ਕੀਤਾ। ਸੁਖਬੀਰ ਬਾਦਲ ਨੇ ਲੰਗਰ ਤੋਂ GST ਮਾਫ ਕਰਨ ਲਈ ਵੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਸਜ਼ਾ ਦਵਾਈ ਜਾਵੇ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਰੈਲੀ ਸਿਆਸੀ ਨਹੀਂ ਬਲਕਿ ਫ਼ਸਲਾਂ ਵਿੱਚ ਵਾਧੇ ਦੇ ਭਾਅ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨ ਲਈ ਹੈ। ਇਸ ਨਾਲ ਸਿਰਫ ਕਿਸਾਨਾਂ, ਮਜ਼ਦੂਰਾਂ ਨੂੰ ਹੀ ਫਾਇਦਾ ਨਹੀਂ ਹੋਣਾ ਬਲਕਿ ਹੋਰ ਵੀ ਫਾਇਦੇ ਹੋਣਗੇ। ਇਸ ਨਾਲ ਹੁਣ ਕਿਸਾਨੀ ਮੁਨਾਫਾਯੋਗ ਧੰਦਾ ਬਣਨ ਵੱਲ ਵਧੇਗੀ।

SHOW MORE