HOME » Videos » Punjab
Share whatsapp

ਕਾਂਗਰਸੀ ਮੰਤਰੀ ਨੇ ਹੀ ਮੰਨਿਆ, ਸਾਡੇ ਵਿਧਾਇਕਾਂ ਨੇ ਨਾਮਜ਼ਦਗੀ ਭਰਨ ਸਮੇਂ ਕੀਤੀ ਧੱਕੇਸ਼ਾਹੀ

Punjab | 04:04 PM IST Sep 12, 2018

ਪੰਜਾਬ ਵਿਚ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸਮਿਤੀ ਦੀਆਂ ਚੋਣਾਂ ਵਿਚ ਨਾਮਜ਼ਦਗੀ ਭਰਨ ਸਮੇਂ ਹੋਈ ਗੁੰਡਾਗਰਦੀ ਬਾਰੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੰਨਿਆ ਹੈ ਕਿ ਕੁਝ ਕਾਂਗਰਸੀ ਵਿਧਾਇਕਾਂ ਨੇ ਧੱਕੇਸ਼ਾਹੀ ਕੀਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਤੇ ਆਪ ਆਗੂ ਸਰਕਾਰ ਉਤੇ ਦੋਸ਼ ਲਾ ਰਹੇ ਹਨ ਕਿ ਧੱਕੇਸ਼ਾਹੀ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਇਕ ਦੋ ਥਾਵਾਂ ਉਤੇ ਜ਼ਰੂਰ ਅਜਿਹਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਮਾਮਲਾ ਇੰਨਾ ਰੌਲਾ ਪਾਉਣ ਵਾਲਾ ਨਹੀਂ, ਜਿੰਨਾ ਪਾਇਆ ਜਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਇਸ ਦੀ ਜਾਂਚ ਹੋਵੇਗੀ ਤੇ ਸਾਰੀ ਸਥਿਤੀ ਸਾਫ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਹੀ ਨਹੀਂ ਮਿਲ ਰਹੇ, ਇਸੇ ਕਰ ਕੇ ਉਹ ਧੱਕੇਸ਼ਾਹੀ ਦੇ ਦੋਸ਼ ਲਾ ਕੇ ਮੈਦਾਨ ਵਿਚੋਂ ਭੱਜ ਰਹੇ ਹਨ। ਬੇਅਦਬੀ ਕਾਂਡ ਵਿਚ ਨਾਂ ਆਉਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਦੇ ਹੌਸਲੇ ਪਸਤ ਹੋ ਚੁੱਕੇ ਹਨ। ਇਸੇ ਲਈ ਅਕਾਲੀ ਦਲ ਦੀ ਟਿਕਟ ਉਤੇ ਕੋਈ ਵੀ ਚੋਣ ਨਹੀਂ ਲੜਨਾ ਚਾਹੁੰਦਾ।

ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗੀ। ਆਪ ਉਮੀਦਵਾਰ ਹਰਿੰਦਰ ਹਿੰਦਾ ਦੇ ਕਤਲ ਬਾਰੇ ਉਨ੍ਹਾਂ ਕਿਹਾ ਕਿ ਇਸ ਉਤੇ ਸਿਆਸਤ ਹੋ ਰਹੀ ਹੈ, ਜੇਕਰ ਹਿੰਦਾ ਦਾ ਪਰਿਵਾਰ ਕਹੇਗਾ ਕਿ ਕਤਲ ਸਿਆਸੀ ਕਾਰਨਾਂ ਕਰ ਕੇ ਹੋਇਆ ਹੈ ਤਾਂ ਅਸੀਂ ਉਸ ਨੂੰ ਮੰਨ ਲਵਾਂਗੇ। ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਹਿੰਦਾ ਦੇ ਕਤਲ ਨੂੰ ਸਿਆਸੀ ਦੱਸਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

SHOW MORE