HOME » Top Videos » Punjab
Share whatsapp

ਡੇਰਾ ਮੁਖੀ ਨੂੰ ਮੁਆਫੀ ਮਾਮਲੇ ਵਿਚ ਬਾਦਲਾਂ ਦੀਆਂ ਮੁਸ਼ਕਲਾਂ ਵਧੀਆਂ

Punjab | 02:33 PM IST Jun 17, 2019

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਮਾਮਲਾ ਇਕ ਵਾਰ ਮੁੜ ਭਖ ਗਿਆ ਹੈ। ਹੁਣ ਇਸ ਮਾਮਲੇ ‘ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਇੱਕ ਚਿੱਠੀ ਸਾਹਮਣੇ ਆਈ ਹੈ, ਜਿਸ ‘ਚ ਅਜਿਹੇ ਖੁਲਾਸੇ ਕੀਤੇ ਗਏ ਹਨ, ਜਿਹੜੇ ਅਕਾਲੀ ਦਲ ਖਾਸ ਕਰ ਬਾਦਲ ਪਿਉ ਪੁੱਤ ਦੀਆਂ ਮੁਸ਼ਕਲਾਂ ਵਧਾ ਸਕਦੇ ਹਨ।

ਗਿਆਨੀ ਇਕਬਾਲ ਸਿੰਘ ਨੇ ਸਾਫ ਤੌਰ ‘ਤੇ ਲਿਖਿਆ ਗਿਆ ਹੈ ਕਿ ਬਾਦਲ ਪਿਉ ਪੁੱਤ ਰਾਮ ਰਹੀਮ ਨੂੰ ਮੁਆਫੀ ਦਿਵਾਉਣਾ ਚਾਹੁੰਦੇ ਸਨ। ਇਹ ਚਿੱਠੀ ਇਕਬਾਲ ਸਿੰਘ ਨੇ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੇ ਸਿੱਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਲਿਖੀ ਸੀ, ਜਿਹੜੀ ਹੁਣ ਸਾਹਮਣੇ ਆਈ ਹੈ। ਇਸ ਚਿੱਠੀ ‘ਚ 24 ਸਤੰਬਰ 2015 ਨੂੰ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਪੂਰਾ ਘਟਨਾਕ੍ਰਮ ਬਿਆਨ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਕਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਨ੍ਹਾਂ ਨੂੰ ਸੱਦਿਆ ਅਤੇ ਮੀਟਿੰਗ ਕੀਤੀ।

ਇਕਬਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰਾਮ ਰਹੀਮ ਨੂੰ ਮੁਆਫੀ ਦੇਣ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਵਿਰੋਧਤਾ ਜਤਾਈ ਪਰ ਉਸ ਵੇਲੇ ਦਾ ਮਾਹੌਲ ਦੇਖ ਕੇ ਲੱਗ ਰਿਹਾ ਸੀ ਕਿ ਮੁਆਫੀ ਦਾ ਫੈਸਲਾ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਲੈ ਚੁੱਕੇ ਸਨ। ਇਕਬਾਲ ਸਿੰਘ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਲਿਖਿਆ ਕਿ ਜਿਹੜੀ ਚਿੱਠੀ ਰਾਮ ਰਹੀਮ ਨੇ ਭੇਜੀ ਸੀ, ਉਸ ਵਿੱਚ ਖਿਮਾ ਯਾਚਨਾ ਸ਼ਬਦ ਦਾ ਇਸਤੇਮਾਲ ਹੀ ਨਹੀਂ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਜਥੇਦਾਰਾਂ ਦੀ ਇਸ ਮੀਟਿੰਗ ਦੌਰਾਨ ਵਾਰ ਵਾਰ ਗਿਆਨੀ ਗੁਰਬਚਨ ਸਿੰਘ ਨੂੰ ਸੁਖਬੀਰ ਬਾਦਲ ਦਾ ਫੋਨ ਆ ਰਿਹਾ ਸੀ। ਇਕਬਾਲ ਸਿੰਘ ਨੇ ਦੱਸਿਆ ਜਦੋਂ ਵਾਰ ਵਾਰ ਮਨਾਉਣ ‘ਤੇ ਵੀ ਉਹ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਧਮਕੀ ਦਿੰਦਿਆਂ ਪਰਿਵਾਰ ਬਰਬਾਦ ਕਰਨ ਦੀ ਧਮਕੀ ਦਿੱਤੀ ਗਈ ਅਤੇ ਦਸਤਖ਼ਤ ਲਈ ਮਜਬੂਰ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਇਹ ਸਾਰੀ ਪਲਾਨਿੰਗ ਸੁਖਬੀਰ, ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਦਲਜੀਤ ਚੀਮਾ ਦੀ ਸੀ। ਗਿਆਨੀ ਇਕਬਾਲ ਸਿੰਘ ਨੇ ਇਹ ਚਿੱਠੀ ਲਿਖਦਿਆਂ ਇਹ ਕਿਹਾ ਹੈ ਕਿ ਉਹ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਸਾਰੇ ਬਿਆਨ ਸਿੱਟ ਦੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਅੱਗੇ ਰੱਖ ਰਹੇ ਹਨ ਤਾਂ ਜੋ ਸਿੱਖ ਕੌਮ ਨੂੰ ਇਨਸਾਫ਼ ਮਿਲ ਸਕੇ ਅਤੇ ਪੰਥ ਦੇ ਦੋਖੀ ਸੰਗਤ ਦੇ ਸਾਹਮਣੇ ਆ ਸਕਣ।

SHOW MORE