HOME » Top Videos » Punjab
Share whatsapp

ਪੂਰੇ ਦੇਸ਼ ‘ਚ ਬੀਜੇਪੀ ਦਾ ਪਰਚਮ ਲਹਿਰਾਇਆ, ਪੰਜਾਬ ‘ਚ ਕਾਂਗਰਸ ਦਾ ਜਲਵਾ, ਦੇਖੋ ਖਾਸ ਰਿਪੋਰਟ...

Punjab | 12:01 PM IST May 24, 2019

ਦੇਸ਼ ਭਰ ਵਿੱਚ ਬੀਜੇਪੀ ਦੀ ਸੁਨਾਮੀ ਸੀ ਪਰ ਪੰਜਾਬ ਵਿੱਚ ਕਾਂਗਰਸ ਦਾ ਹੱਥ ਉੱਤੇ ਰਿਹਾ ਹੈ। ਪੰਜਾਬ ਦੀਆਂ 13 ਸੀਟਾਂ ਚੋਂ 8 ਸੀਟਾਂ ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਅਨੰਦੁਪੁਰ ਸਾਹਿਬ, ਫਰੀਦਕੋਟ, ਖਡੂਰ ਸਾਹਿਬ, ਜਲੰਧਰ ਤੇ ਅੰਮ੍ਰਿਤਸਰ ਦੀਆਂ ਸੀਟਾਂ ਤੇ ਕਬਜ਼ਾ ਜਮਾ ਲਿਆ ਜਦਕਿ 2014 ਚ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਸੀਟਾਂ ਜਿੱਤਣ ਵਿੱਚ ਹੀ ਕਾਂਗਰਸ ਕਾਮਯਾਬ ਹੋਈ ਸੀ।

ਇਸ ਵਾਰ ਕਾਂਗਰਸ ਨੇ 2014 ਦੇ ਮੁਕਾਬਲੇ 5 ਹੋਰ ਸੀਟਾਂ ਤੇ ਜਿੱਤ ਹਾਸਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਆਪਣੀ ਜੱਦੀ ਸੀਟ ਪਟਿਆਲਾ ਮੁੜ ਤੋਂ ਹਾਸਲ ਕਰ ਲਈ ਹੈ। 2014 ਚ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਆਮ ਆਦਮੀ ਪਾਰਟੀ ਦੇ ਡਾ ਧਰਮਵੀਰ ਗਾਂਧੀ ਦੇ ਹੱਥੋਂ ਹਾਰ ਦਾ ਸਹਾਮਣਾ ਕਰਨਾ ਪਿਆ ਸੀ ਪਰ ਇਸ ਵਾਰ ਬਾਜ਼ੀ ਪਲਟ ਗਈ।

ਇਸੇ ਤਰ੍ਹਾਂ ਫਰੀਦਕੋਟ ਤੇ ਫਤਿਹਗੜ੍ਹ ਸੀਟ ਵੀ ਕਾਂਗਰਸ ਨੇ ਆਪ ਤੋਂ ਖੋਹ ਲਈ ਹੈ। ਯਾਨੀ ਆਪ ਦੀਆਂ ਤਿੰਨ ਸੀਟਾਂ ਇਸ ਵਾਰ ਕਾਂਗਰਸ ਦੇ ਖਾਤੇ ਗਈਆਂ। ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਦੀਆਂ ਸੀਟਾਂ 2014 ਚ ਅਕਾਲੀ ਦਲ ਨੂੰ ਮਿਲੀਆਂ ਸਨ ਪਰ ਇਸ ਵਾਰ ਕਾਂਗਰਸ ਜਿੱਤਣ ਚ ਕਾਮਯਾਬ ਰਹੀ ਹੈ। ਇਹ ਦੋਵੇਂ ਪੰਥਕ ਹਲਕੇ ਮੰਨੇ ਜਾਂਦੇ ਨੇ ਜੋ ਕਾਂਗਰਸ ਨੇ ਆਪਣੀ ਝੋਲੀ ਪਾ ਲਏ।

2014 ਦੇ ਮੁਕਾਬਲੇ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਕੁੱਲ 8 ਸੀਟਾਂ ਤੇ ਕਬਜ਼ਾ ਜਮਾ ਲਿਆ ਹੈ। ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਇਹ ਵੀ ਹੈ ਕਿ ਸੂਬੇ ਚ ਕਾਂਗਰਸ ਦੀ ਮਜ਼ਬੂਤ ਸਰਕਾਰ ਹੈ। ਸਰਕਾਰ ਹੋਣ ਦਾ ਕਾਂਗਰਸ ਨੂੰ ਲਾਭ ਮਿਲਿਆ ਹੈ।

ਦੂਜਾ ਕਾਰਨ ਹੈ ਕਿ ਵਿਰੋਧੀ ਧਿਰਾਂ ਬੇਹੱਦ ਕਮਜ਼ੋਰ ਸਥਿਤੀ ਵਿੱਚ ਹੈ। ਕਾਂਗਰਸ ਨੂੰ ਟੱਕਰ ਨਹੀਂ ਦੇ ਸਕੀਆਂ। ਪੰਜਾਬ ਦੀ ਸਿਆਸਤ ਵਿੱਚ ਵੱਡਾ ਸਿਆਸੀ ਅਧਾਰ ਰੱਖਣ ਵਾਲਾ ਅਕਾਲੀ ਦਲ ਇਸ ਵਾਰ ਕੋਈ ਕਮਾਲ ਨਹੀਂ ਦੇ ਸਕਿਆ। ਹਲਾਂਕਿ ਅਕਾਲੀ ਦਲ ਬਠਿੰਡਾ ਤੇ ਫਿਰੋਜ਼ਪੁਰ ਦੇ ਆਪਣੇ ਗੜ੍ਹ ਬਚਾਉਣ ਚ ਕਾਮਯਾਬ ਰਿਹਾ ਹੈ। ਪਰ ਪੂਰੇ ਪੰਜਾਬ ਚ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।

2014 ਵਿੱਚ ਜਿੱਤੀਆਂ ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਦੀਆਂ ਪੰਥਕ ਸੀਟਾਂ ਅਕਾਲੀ ਦਲ ਨੇ ਗਵਾ ਦਿੱਤੀਆਂ। ਬਠਿੰਡਾ ਤੇ ਫਿਰੋਜ਼ਪੁਰ ਸੀਟ ਜਿੱਤ ਕੇ ਬਾਦਲ ਪਰਿਵਾਰ ਨੇ ਭਾਵੇਂ ਅਕਾਲੀ ਦਲ ਚ ਆਪਣਾ ਰੁਤਬਾ ਮੁੜ ਤੋਂ ਦਰਸਾ ਦਿੱਤਾ। ਪਰ ਪੰਜਾਬ ਵਿੱਚ ਪਾਰਟੀ ਦੀ ਹਾਰ ਨੂੰ ਬਾਦਲ ਪਰਿਵਾਰ ਰੋਕ ਨਾ ਸਕਿਆ। ਅਕਾਲੀ ਦਲ ਦੇ ਮਾੜੇ ਪ੍ਰਦਰਸ਼ਨ ਦੀ ਸਭ ਤੋਂ ਵੱਡੀ ਵਜ੍ਹਾ ਬੇਅਦਬੀਆਂ ਤੇ ਗੋਲੀਕਾਂਡ ਦਾ ਮੁੱਦਾ ਮੰਨਿਆ ਜਾ ਰਿਹਾ ਹੈ। ਇਹ ਵੀ ਵਜ੍ਹਾ ਹੈ ਕਿ ਖਡੂਰ ਸਾਹਿਬ ਵਰਗੇ ਪੰਥਕ ਹਲਕੇ ਚ ਵੀ ਅਕਾਲੀ ਦਲ ਨੂੰ ਹਾਰ ਮੂੰਹ ਦੇਖਣਾ ਪਿਆ। ਜੋ 2014 ਵਿੱਚ ਅਕਾਲੀ ਦਲ ਨੇ ਕਰੀਬ 1 ਲੱਖ ਵੋਟ ਦੇ ਫਰਕ ਨਾਲ ਜਿੱਤਿਆ ਸੀ।

ਸੂਬੇ ਦੀ ਸੱਤਾ ਵਿੱਚ ਨਾ ਹੋਣਾ ਵੀ ਅਕਾਲੀ ਦਲ ਨੂੰ ਭਾਰੀ ਪਿਆ। ਅਕਾਲੀ ਦਲ ਦੀ ਭਾਈਵਾਲ ਬੀਜੇਪੀ ਨੇ 2014 ਵਾਲਾ ਆਪਣਾ ਪ੍ਰਦਰਸ਼ਨ ਬਰਕਰਾਰ ਰੱਖਿਆ। ਬੀਜੇਪੀ ਨੇ ਆਪਣੇ ਹਿੱਸੇ ਦੀਆਂ ਤਿੰਨ ਸੀਟਾਂ ਚੋਂ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੀ ਸੀਟ ਜਿੱਤ ਲਈ ਹੈ। 2014 ਵਿੱਚ ਵੀ ਬੀਜੇਪੀ ਇਹ ਦੋਵੇਂ ਸੀਟਾਂ ਜਿੱਤਣ ਚ ਕਾਮਯਾਬ ਰਹੀ ਸੀ। ਬੀਜੇਪੀ ਅੰਮ੍ਰਿਤਸਰ ਦੀ ਸੀਟ ਭਾਵੇਂ ਹਾਰ ਗਈ ਪਰ ਆਪਣੇ ਭਾਈਵਾਲ ਅਕਾਲੀ ਦਲ ਨਾਲੋਂ ਉਸਦਾ ਪ੍ਰਦਰਸ਼ਨ ਚੰਗਾ ਰਿਹਾ।

ਬੀਜੇਪੀ ਦੇ ਹੱਕ ਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਕੋਲ ਮੋਦੀ ਬ੍ਰੈਂਡ ਸੀ...ਦੂਜਾ ਗੁਰਦਾਸਪੁਰ ਤੋਂ ਉਹਨਾਂ ਸੰਨੀ ਦਿਓਲ ਵਰਗਾ ਬਾਲੀਵੁੱਡ ਸਟਾਰ ਮੈਦਾਨ ਚ ਉਤਾਰਿਆ ਸੀ। ਕਾਂਗਰਸ ਭਾਵੇਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀਆਂ ਸੀਟਾਂ ਜਿੱਤਣ ਚ ਕਾਮਯਾਬ ਰਹੀ ਪਰ ਬੀਜੇਪੀ ਦੇ ਗੜ੍ਹ ਚ ਕਾਂਗਰਸ ਸਫਲ ਨਹੀਂ ਹੋ ਸਕੀ ਹੈ। ਜੇ ਗੱਲ ਕੀਤੀ ਜਾਵੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਤਾਂ ਇਹਨਾਂ ਲੋਕਸਭਾ ਚੋਣਾਂ ਚ ਆਮ ਆਦਮੀ ਪਾਰਟੀ ਦਾ ਮਾੜਾ ਹਸ਼ਰ ਹੋਇਆ। ਭਗਵੰਤ ਮਾਨ ਨੇ ਆਪਣੀ ਸੰਗਰੂਰ ਸੀਟ ਜਿੱਤ ਕੇ ਪਾਰਟੀ ਦੀ ਲਾਜ ਰੱਖ ਲਈ ਹੈ। ਜਦਕਿ ਬਾਕੀ ਸਾਰੀਆਂ ਸੀਟਾਂ ਤੇ ਆਪ ਦੇ ਉਮੀਦਵਾਰ ਕਿਤੇ ਰੇਸ ਚ ਵੀ ਨਜ਼ਰ ਨਹੀਂ ਆਏ।

ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ। ਜਦਕਿ 2014 ਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਸਦੇ 4 ਸਾਂਸਦ ਮੈਂਬਰ ਬਣੇ ਸਨ। ਆਮ ਆਦਮੀ ਪਾਰਟੀ 2017 ਦੀਆਂ ਵਿਧਾਨਸਭਾ ਚੋਣਾਂ ਚ 20 ਸੀਟਾਂ ਜਿੱਤ ਕੇ ਵਿਰੋਧੀ ਧਿਰ ਵੀ ਬਣੀ। ਪਰ ਇਹਨਾਂ ਲੋਕਸਭਾ ਚੋਣਾਂ ਚ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ।

ਉਸਦੀ ਸਭ ਤੋਂ ਵੱਡੀ ਵਜ੍ਹਾ ਇਹ ਰਹੀ ਕਿ ਵਿਧਾਨਸਭਾ ਚੋਣਾਂ ਦੀ ਹਾਰ ਤੋਂ ਬਾਅਦ ਪਾਰਟੀ ਹਿੱਸਿਆਂ ਵਿੱਚ ਵੰਡੀ ਗਈ। ਪਾਰਟੀ ਦੇ ਸਾਂਸਦ ਤੇ ਵਿਧਾਇਕ ਵੰਡੇ ਗਏ। ਜਿਸ ਨਾਲ ਜ਼ਮੀਨੀ ਪੱਧਰ ਤੇ ਪਾਰਟੀ ਦੇ ਕੇਡਰ ਦੇ ਹੌਂਸਲੇ ਪਸਤ ਹੋ ਗਏ। ਪੰਜਾਬ ਦੇ ਸਿਆਸੀ ਨਕਸ਼ੇ ਤੇ ਉੱਭਰੀਆਂ ਹੋਰ ਪਾਰਟੀਆਂ ਕੋਈ ਕਮਾਲ ਨਹੀਂ ਦਿਖਾ ਸਕੀਆਂ। ਪੀਡੀਏ ਦੇ ਉਮੀਦਵਾਰਾਂ ਵਿੱਚ ਸਿਰਫ ਸਿਮਰਜੀਤ ਸਿੰਘ ਬੈਂਸ ਹੀ ਚੰਗੀਆਂ ਵੋਟਾਂ ਹਾਸਿਲ ਕਰ ਸਕੇ। ਜਦਕਿ ਖਹਿਰਾ ਸਣੇ ਬਾਕੀ ਉਮੀਦਵਾਰ ਕਿਸੇ ਰੇਸ ਚ ਹੀ ਨਜ਼ਰ ਨਹੀਂ ਆਏ ਹਨ।

SHOW MORE