HOME » Videos » Punjab
Share whatsapp

ਘੱਗਰ ਦਰਿਆ ਨੇ ਮਚਾਈ ਹਰ ਪਾਸੇ ਤਬਾਹੀ, ਹਜ਼ਾਰਾਂ ਏਕੜ ਝੋਨਾ ਡੁੱਬਿਆ

Punjab | 01:43 PM IST Jul 20, 2019

ਮੂਨਕ ਤੇ ਹਲਕਾ ਸ਼ੁਤਰਾਣਾ ਕੋਲ ਘੱਗਰ ਦਰਿਆ ਦੇ ਬੰਨ੍ਹ ’ਚ ਪਏ ਪਾੜ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਨੇੜਲੇ ਪਿੰਡਾਂ ਵਿਚ ਅਜੇ ਵੀ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਲਗਾਤਾਰ ਤੀਜੇ ਦਿਨ ਘੱਗਰ ’ਚ ਪਏ ਪਾੜ ਨੂੰ ਪੂਰਨ ਵਿੱਚ ਨਾਕਾਮ ਰਹਿਣ ਕਰ ਕੇ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ। ਪਾੜ ਰਾਹੀਂ ਤੇਜ਼ ਰਫ਼ਤਾਰ ਨਾਲ ਫੈਲ ਰਹੇ ਪਾਣੀ ਨੇ ਹਜ਼ਾਰਾਂ ਏਕੜ ਰਕਬੇ ਵਿੱਚ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪਾਣੀ ’ਚ ਡੁੱਬਣ ਕਾਰਨ ਮੂਨਕ-ਮਕੋਰੜ ਸਾਹਿਬ ਲਿੰਕ ਸੜਕ ’ਤੇ ਆਵਾਜਾਈ ਠੱਪ ਹੋ ਗਈ ਹੈ। ਫੌਜ, ਐੱਨਡੀਆਰਐੱਫ਼ ਅਤੇ ਐੱਸਡੀਆਰਐੱਫ਼ ਦੀਆਂ ਟੀਮਾਂ ਸਮੇਤ ਪਿੰਡਾਂ ਦੇ ਸੈਂਕੜੇ ਲੋਕ ਘੱਗਰ ’ਚ ਪਏ ਪਾੜ ਨੂੰ ਪੂਰਨ ਲਈ ਅੱਜ ਵੀ ਯਤਨਸ਼ੀਲ ਰਹੇ।

ਦੂਰ-ਦੂਰ ਤੱਕ ਖੇਤਾਂ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ’ਚ ਡੁੱਬੀ ਹੋਈ ਹੈ। ਖੇਤਾਂ ਵਿੱਚ ਮੋਟਰਾਂ ਦੇ ਕੋਠੇ ਆਦਿ ਪਾਣੀ ’ਚ ਡੁੱਬੇ ਹੋਏ ਹਨ। ਅੱਜ ਵੀ ਥੈਲਿਆਂ ਵਿੱਚ ਮਿੱਟੀ ਭਰ ਕੇ ਅਤੇ ਦਰਖ਼ਤ ਆਦਿ ਸੁੱਟ ਕੇ ਪਾਣੀ ਨੂੰ ਰੋਕਣ ਦੇ ਯਤਨ ਜਾਰੀ ਰਹੇ। ਜੰਗਲਾਤ ਵਿਭਾਗ ਦੀ ਟੀਮ ਵੀ ਮੌਕੇ ’ਤੇ ਪੁੱਜ ਗਈ ਹੈ। ਮਗਨਰੇਗਾ ਮਜ਼ਦੂਰ ਅਤੇ ਕਿਸਾਨ ਵੀ ਵੱਡੀ ਤਾਦਾਦ ’ਚ ਥੈਲਿਆਂ ’ਚ ਮਿੱਟੀ ਭਰ ਕੇ ਐੱਨਡੀਆਰਐੱਫ ਆਦਿ ਦੀਆਂ ਟੀਮਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।  ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਤੇ 'ਚ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਅੱਜ ਤੜਕੇ ਕਰੀਬ 200 ਫੁੱਟ ਪਾੜ ਪੈ ਗਿਆ ਤੇ ਆਲੇ ਦੁਆਲੇ ਦੇ ਇਲਾਕੇ 'ਚ ਪਾਣੀ ਭਰ ਗਿਆ ਹੈ।

ਘੱਗਰ ਦਰਿਆ 'ਚ ਪਏ ਹੋਏ ਪਾੜ ਨੂੰ ਬੰਦ ਕਰਨ ਲਈ ਤਹਿਸੀਲਦਾਰ ਮਨਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਰਾਜਵਰਿੰਦਰ ਸਿੰਘ ਧਨੋਆ ਦੀ ਅਗਵਾਈ ਹੇਠ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਕਾਫੀ ਜੱਦੋਜਹਿਦ ਕੀਤੀ ਜਾ ਰਹੀ ਹੈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਦਾ ਬਹਾਅ ਬਹੁਤ ਤੇਜ਼ ਹੋਣ ਕਰਕੇ ਬੀਤੀ ਰਾਤ ਵੀ ਕਈ ਥਾਵਾਂ ਤੋਂ ਛੋਟੇ-ਛੋਟੇ ਪਾੜ ਪਏ ਸੀ ਪਰ ਮੌਕੇ 'ਤੇ ਹਾਜ਼ਰ ਲੋਕਾਂ ਨੇ ਰਾਤ ਨੂੰ ਹੀ ਉਨ੍ਹਾਂ ਨੂੰ ਬੰਦ ਕਰ ਦਿੱਤਾ। ਪਰ ਸਵੇਰੇ ਤੜਕਸਾਰ ਪਿਆ ਇਹ ਵੱਡਾ ਪਾੜ ਬੰਦ ਨਹੀਂ ਹੋਇਆ। ਲੋਕਾਂ ਨੇ ਵੱਡੀ ਗਿਣਤੀ 'ਚ ਦਰਖਤਾਂ ਨੂੰ ਵੱਢ ਕੇ ਤੇ ਮਿੱਟੀ ਦੇ ਥੈਲਿਆਂ ਆਦਿ ਨਾਲ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਹੀਂ ਮਿਲੀ।

SHOW MORE