ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਦੀ ਤਨਖਾਹ 'ਚ ਢਾਈ ਗੁਣਾ ਵਾਧੇ ਦਾ ਫੈਸਲਾ..
Punjab | 01:09 PM IST Dec 14, 2018
ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਦੀ ਤਨਖਾਹ 'ਚ ਢਾਈ ਗੁਣਾ ਇਜ਼ਾਫਾ ਹੋਵੇਗਾ। ਸਬ ਕਮੇਟੀ ਦੀ ਸਿਫਾਰਿਸ਼ 'ਤੇ ਅੱਜ ਵਿਧਾਨ ਸਭਾ 'ਚ ਮੋਹਰ ਲੱਗੇਗੀ। ਵਿਧਾਇਕਾਂ ਦੀਆਂ ਤਨਖਾਹਾਂ ਵਧਾਏ ਜਾਣ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਪਹਿਲਾਂ ਕਿਸਾਨਾਂ ਦੇ ਕਰਜ਼ ਮੁਆਫ ਕਰੇ। ਆਮ ਮੰਤਵਾਂ ਸਬੰਧੀ ਹੋਈ ਮੀਟਿੰਗ 'ਚ ਸਬ-ਕਮੇਟੀ ਦਾ ਫ਼ੈਸਲਾ ਹੈ। ਵੇਰਕਾ ਸਣੇ ਤਮਾਮ ਪਾਰਟੀਆਂ ਦੇ ਵਿਧਾਇਕ ਕਮੇਟੀ ਦਾ ਹਿੱਸਾ ਸਨ।
ਦਰਅਸਲ ਵਿਧਾਨਸਭਾ ਦੀ ਸਬ ਕਮੇਟੀ ਵੱਲੋਂ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤਿਆਂ ਚ ਢਾਈ ਗੁਣਾ ਤੱਕ ਇਜ਼ਾਫਾ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਜੇਕਰ ਕਮੇਟੀ ਦੀਆਂ ਸਿਫ਼ਾਰਿਸ਼ਾਂ ਤੇ ਮੋਹਰ ਲੱਗੀ ਤਾਂ ਵਿਧਾਇਕਾਂ ਨੂੰ ਮਿਲਣ ਵਾਲੀ ਤਨਖ਼ਾਹ ਅਤੇ ਭੱਤੇ 95 ਹਜ਼ਾਰ 500 ਰੁਪਏ ਤੋਂ ਵਧਾ ਕੇ 2 ਲੱਖ 18 ਹਜ਼ਾਰ ਹੋ ਜਾਣਗੇ। ਕਮੇਟੀ ਦੀ ਸਿਫ਼ਾਰਿਸ਼ਾਂ ਮੁਤਾਬਿਕ ਮਹੀਨਾਵਾਰ ਤਨਖ਼ਾਹ ਨੂੰ 25 ਹਜ਼ਾਰ ਤੋਂ ਵਧਾ ਕੇ 55 ਹਜ਼ਾਰ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਖੇਤਰ ਭੱਤਾ 25 ਹਜ਼ਾਰ ਤੋਂ ਵਧਾ ਕੇ 60 ਹਜ਼ਾਰ ਅਤੇ ਹੋਰ ਫ਼ੰਡਾਂ ਚ ਵੀ ਇਜ਼ਾਫਾ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਦੱਸ ਦੇਈਏ ਕੀ ਵਿਧਾਨਸਭਾ ਦੀ ਅਕਾਉਂਟ ਕਮੇਟੀ ਵਿੱਚ ਹਾਕਮ ਧਿਰ ਦੇ 3 ਮੈਂਬਰ ਨੇ ਅਤੇ ਵਿਰੋਧੀ ਧਿਰਾਂ ਦੇ ਦੋ ਮੈਂਬਰ ਹਨ। ਹਾਕਮ ਧਿਰ ਤੋਂ ਰਾਜ ਕੁਮਾਰ ਵੇਰਕਾ, ਪਰਮਿੰਦਰ ਸਿੰਘ ਪਿੰਕੀ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਜਦੋਂ ਕੀ ਆਮ ਆਦਮੀ ਪਾਰਟੀ ਤੋਂ ਕੰਵਰ ਸੰਧੂ ਅਤੇ ਬੀਜੇਪੀ ਤੋਂ ਸੋਮ ਪ੍ਰਕਾਸ਼ ਕਮੇਟੀ ਦੇ ਮੈਂਬਰ ਹਨ।
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਵਿੱਚ ਅੱਜ ਲੋਕ ਇਨਸਾਫ ਪਾਰਟੀ ਦੇ ਲੀਡਰ ਬਲਵਿੰਦਰ ਸਿੰਘ ਬੈਂਸ ਨੇ ਵਿਧਾਇਕਾਂ ਦੀ ਤਨਖਾਹ ਵਧਾਉਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ। ਬੈਂਸ ਨੇ ਇਸ ਪ੍ਰਸਤਾਵ ਦਾ ਵਿਰੋਧ ਕਰਦਿਆਂ ਵਾਕਆਊਟ ਕੀਤਾ।
ਬੈਂਸ ਨੇ ਕਿਹਾ ਕਿ ਜਦੋਂ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀਂ ਤਾਂ ਫਿਰ ਵਿਧਾਇਕਾਂ ਦੀਆਂ ਤਨਖਾਹਾਂ ਕਿਵੇਂ ਵਧਾਈਆਂ ਜਾ ਸਕਦੀਆਂ ਹਨ। ਯਾਦ ਰਹੇ ਸਰਕਾਰ ਨੇ ਖਜ਼ਾਨਾ ਖਾਲੀ ਹੋਣ ਕਰਕੇ ਹਜ਼ਾਰਾਂ ਅਧਿਆਪਕਾਂ ਦੀ ਤਨਖਾਹ ਵਿੱਚ 70 ਫੀਸਦੀ ਕਟੌਤੀ ਕੀਤੀ ਹੈ ਤੇ ਮੁਲਾਜ਼ਮਾਂ ਨੂੰ ਡੀਏ ਦੀਆਂ ਕਈ ਕਿਸ਼ਤਾਂ ਵੀ ਨਹੀਂ ਦਿੱਤੀਆਂ।