HOME » Videos » Punjab
Share whatsapp

ਰੁਕ ਨਹੀਂ ਰਿਹਾ ਪੰਜਾਬਣਾਂ ਨੂੰ ਸ਼ੇਖਾਂ ਹੱਥ ਵੇਚਣ ਦਾ ਸਿਲਸਿਲਾ

Punjab | 02:49 PM IST Sep 10, 2018

ਟਰੈਵਲ ਏਜੰਟਾਂ ਵੱਲੋਂ ਪੰਜਾਬ ਦੀਆਂ ਲੜਕੀਆਂ ਨੂੰ ਕੰਮ ਬਹਾਨੇ ਅਰਬ ਦੇਸ਼ਾਂ ਵਿਚ ਲਿਜਾ ਕੇ ਵੇਚਣ ਤੇ ਸ਼ੋਸ਼ਣ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 9 ਮਹੀਨਿਆਂ ਪਿੱਛੋਂ ਸ਼ੇਖ਼ਾਂ ਦੇ ਕਬਜ਼ੇ ਵਿਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਪਹੁੰਚੀ ਇਕ ਔਰਤ ਨੇ ਆਪ ਬੀਤੀ ਦੱਸਦੇ ਹੋਏ ਦਿਲ ਕੰਬਾਊ ਖੁਲਾਸੇ ਕੀਤੇ ਹਨ।

ਜਲੰਧਰ ਦੀ ਰਹਿਣ ਵਾਲੀ ਪਰਵੀਨ ਰਾਣੀ ਨੂੰ ਏਜੰਟਾਂ ਨੇ ਇਹ ਭਰੋਸਾ ਦਿੱਤਾ ਸੀ ਕਿ ਉਸ ਨੂੰ ਦੁਬਈ ਭੇਜਿਆ ਜਾਵੇਗਾ ਜਿਥੇ ਉਸ ਲਈ ਚੰਗੀ ਨੌਕਰੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪਰ ਨੌਕਰੀ ਤਾਂ ਦੂਰ ਦੀ ਗੱਲ, ਜਦੋਂ ਉਹ ਇਥੇ ਪੁੱਜੀ ਤਾਂ ਉਸ ਨੂੰ ਮਸਕਟ ਦੇ ਕਿਸੇ ਸ਼ੇਖ਼ ਤੋਂ ਮੋਟੀ ਰਕਮ ਲੈ ਕੇ ਵੇਚ ਦਿੱਤਾ ਗਿਆ। ਪਰਵੀਨ ਉਥੋਂ ਦਿਨ ਰਾਤ ਕੰਮ ਕਰਦੀ ਰਹੀ ਪਰ ਰਾਤ ਨੂੰ ਉਸ ਨੂੰ ਖਾਣਾ ਵੀ ਨਸੀਬ ਨਹੀਂ ਹੁੰਦਾ ਸੀ। ਕਿਸੇ ਤਰ੍ਹਾਂ ਉਸ ਨੇ ਮੋਬਾਈਲ ਰਾਹੀਂ ਆਪਣਾ ਸੁਨੇਹਾ ਭੇਜਿਆ। ਜਿਸ ਵਿਚ ਉਸ ਨੇ ਮਦਦ ਦੀ ਗੁਹਾਰ ਲਗਾਈ। ਜਿਸ ਤੋਂ ਬਾਅਦ ਇਕ ਸਮਾਜਿਕ ਸੰਸਥਾ ਤੇ ਐਸਪੀ ਓਬਰਾਏ ਨੇ ਉਸ ਦੀ ਮਦਦ ਕੀਤੀ ਤੇ ਸ਼ੇਖ਼ ਨੂੰ ਪੈਸੇ ਦੇ ਕੇ ਆਜ਼ਾਦ ਕਰਵਾਇਆ।

ਪਰਵੀਨ ਦੇ ਵਾਪਸ ਆਉਣ ਉਤੇ ਉਸ ਦ ਬੁੱਢੇ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪਰਵੀਨ ਨੇ ਕਿਹਾ ਕਿ ਕੋਈ ਔਰਤ ਏਜੰਟਾਂ ਦੇ ਆਖੇ ਲੱਗ ਕੇ ਭੁੱਲ ਕੇ ਵੀ ਅਰਬ ਦੇਸ਼ਾਂ ਵਿਚ ਨਾ ਜਾਵੇ। ਉਸ ਨੂੰ ਦੁਬਈ ਦਾ ਵੀਜ਼ਾ ਮਿਲਿਆ ਸੀ ਪਰ ਉਸ ਨੂੰ ਏਜੰਟ ਨੇ ਓਮਾਨ ਵਿਚ ਵੇਚ ਦਿੱਤਾ ਜਿਥੇ ਉਸ ਤੋਂ ਬੇਹਿਸਾਬਾ ਕੰਮ ਕਰਵਾਇਆ ਜਾਂਦਾ ਸੀ। ਨਾ ਕਹਿਣ ਉਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਦੱਸ ਦਈਏ ਕਿ ਪੰਜਾਬ ਦੀਆਂ ਕੁੜੀਆਂ ਨੂੰ ਅਰਬ ਦੇਸ਼ਾਂ ਵਿਚ ਲਿਜਾ ਕੇ ਵੇਚਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਸ ਦੇ ਬਾਵਜੂਦ ਏਜੰਟਾਂ ਦੇ ਆਖੇ ਲੱਗ ਕੇ ਇਨ੍ਹਾਂ ਦੇਸ਼ਾਂ ਵਿਚ ਜਾਣ ਦਾ ਸਿਲਸਿਲਾ ਜਾਰੀ ਹੈ।

SHOW MORE