HOME » Top Videos » Religion
Share whatsapp

ਸ਼੍ਰੋਮਣੀ ਕਮੇਟੀ ਨੇ ਗਾਇਬ ਕੀਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼?, ਫੌਜ ਵੱਲੋਂ ਸਾਰੇ ਦਸਤਾਵੇਜ਼ ਮੋੜਨ ਦਾ ਦਾਅਵਾ

Religion | 06:02 PM IST Jun 12, 2019

ਜੂਨ 1984 ਨੂੰ ਹੋਏ ਅਪਰੇਸ਼ਨ ਬਲੂ ਸਟਾਰ ਦੌਰਾਨ ਸਿੱਖਾਂ ਦਾ ਵਡਮੁੱਲਾ ਖ਼ਜ਼ਾਨਾ ਲੁੱਟਿਆ ਗਿਆ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਗਾਇਬ ਹੋਏ ਸਿੱਖ ਇਤਿਹਾਸ ਦੇ ਅਨਮੋਲ ਦਸਤਾਵੇਜ਼ਾਂ ਨੂੰ ਲੈ ਕੇ ਹੁਣ ਤੱਕ ਇਹ ਹੀ ਮੰਨਿਆ ਗਿਆ ਕਿ ਇਹ ਕੀਮਤੀ ਖ਼ਜ਼ਾਨਾ ਫ਼ੌਜ ਕੋਲ ਹੈ। ਸਿੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵਾਰੋ-ਵਾਰੀ ਕੇਂਦਰ ਸਰਕਾਰ ਤੋਂ ਸਿੱਖਾਂ ਦਾ ਇਹ ਅਨਮੋਲ ਖ਼ਜ਼ਾਨਾ ਵਾਪਸ ਮੰਗਦੀਆਂ ਰਹੀਆਂ, ਪਰ ਹੁਣ ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਣ ਦੇ ਬਾਅਦ ਸ਼੍ਰੋਮਣੀ ਕਮੇਟੀ ਖ਼ੁਦ ਹੀ ਸਵਾਲਾਂ ਵਿਚ ਘਿਰ ਗਈ ਹੈ।

ਇੱਕ ਅਜਿਹਾ ਦਸਤਾਵੇਜ਼ ਸਾਹਮਣੇ ਆਇਆ ਜਿਸ ਰਾਹੀ ਫ਼ੌਜ ਇਹ ਦਾਅਵਾ ਕਰ ਰਹੀ ਹੈ ਕਿ ਅਪਰੇਸ਼ਨ ਬਲੂ ਸਟਾਰ ਦੌਰਾਨ ਫ਼ੌਜ ਨੇ ਸਿੱਖਾਂ ਦਾ ਜੋ ਅਨਮੋਲ ਖ਼ਜ਼ਾਨਾ ਜ਼ਬਤ ਕੀਤਾ ਸੀ, ਉਹ ਤਾਂ ਕਦੋਂ ਦਾ SGPC ਨੂੰ ਵਾਪਸ ਕਰ ਚੁੱਕੀ ਹੈ। ਉਸ ਵਕਤ ਫ਼ੌਜ ਵੱਲੋਂ ਇਹ ਅਣਮੁੱਲੇ ਦਸਤਾਵੇਜ਼ ਐੱਸਜੀਪੀਸੀ ਨੂੰ ਸਪੁਰਦ ਕਰਨ ਵੇਲੇ ਇਕ ਰਸੀਦ ਵੀ ਲਈ ਗਈ ਸੀ ਜਿਸ ਉਤੇ ਬਕਾਇਦਾ ਤਤਕਾਲੀ SGPC ਅਹੁਦੇਦਾਰਾਂ ਦੇ ਹਸਤਾਖ਼ਰ ਵੀ ਹਨ, ਜਿਨ੍ਹਾਂ ਵਿਚ ਤਤਕਾਲੀਨ SGPC ਸਕੱਤਰ ਭਾਨ ਸਿੰਘ ਤੇ SGPC ਦੇ ਸਹਾਇਕ ਸਕੱਤਰ ਕੁਲਵੰਤ ਸਿੰਘ ਨੇ ਦਸਤਖ਼ਤ ਕੀਤੇ ਸਨ। ਨਿਊਜ਼ 18 ਨੇ ਪੱਤਰ ਉਤੇ ਦਸਤਖ਼ਤ ਕਰਨ ਵਾਲੇ ਤਤਕਾਲੀ ਸਹਾਇਕ ਸਕੱਤਰ ਕੁਲਵੰਤ ਸਿੰਘ ਨਾਲ ਖਾਸ ਗੱਲਬਾਤ ਕੀਤੀ। ਜਿਨ੍ਹਾਂ ਨੇ ਖ਼ੁਦ ਪੱਤਰ ਤੇ ਦਸਤਖ਼ਤ ਕਰਨ ਦੀ ਪੁਸ਼ਟੀ ਕੀਤੀ ਹੈ।

ਉੱਥੇ ਹੀ ਕੁਲਵੰਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਗਾਇਬ ਹੋਣ ਦੀ ਜ਼ਿਆਦਾ ਜਾਣਕਾਰੀ ਜੋਗਿੰਦਰ ਵੇਦਾਂਤੀ ਕੋਲ ਹੋ ਸਕਦੀ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਗੁਨਾਹਗਾਰਾਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਦਸਤਾਵੇਜ਼ ਸਾਹਮਣੇ ਆਉਣ ਤੋਂ ਬਾਅਦ ਵਿਵਾਦਾਂ ਵਿਚ ਘਿਰੀ SGPC ਵੱਲੋਂ ਵੀਰਵਾਰ ਨੂੰ ਬੈਠਕ ਬੁਲਾਈ ਗਈ ਹੈ ਤੇ ਇਸ ਬੈਠਕ ਵਿਚ ਸਾਬਕਾ ਸਹਾਇਕ ਸਕੱਤਰ ਕੁਲਵੰਤ ਸਿੰਘ ਨੂੰ ਵੀ ਸੱਦਾ ਦਿੱਤਾ ਗਿਆ। ਹੁਣ ਵੇਖਣਾ ਹੋਵੇਗਾ ਕਿ SGPC ਵੱਲੋਂ ਇਸ ਮਾਮਲੇ ਵਿਚ ਕਿ ਰੁਖ ਅਖ਼ਤਿਆਰ ਕੀਤਾ ਜਾਂਦਾ।

 

 

 

SHOW MORE