HOME » Videos » Religion
Share whatsapp

ਮੋਦੀ ਵੱਲੋਂ ਦਸਤਾਰ ਬੇਅਦਬੀ ਬਾਰੇ ਅਨਜਾਣ ਕਿਉਂ ਹੈ ਸ਼੍ਰੋਮਣੀ ਕਮੇਟੀ

Religion | 05:37 PM IST Jul 12, 2018

ਮਲੋਟ ਵਿਚ ਬੁੱਧਵਾਰ ਨੂੰ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਕਿਸਾਨ ਕਲਿਆਣ ਰੈਲੀ’ ਵਿਚ ਦਸਤਾਰ ਤੇ ਲੰਗਰ ਦੀ ਬੇਅਦਬੀ ਮਾਮਲੇ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪ ਉਤੇ ਵੱਡੇ ਸਵਾਲ ਉੱਠ ਰਹੇ ਹਨ। ਇਹ ਮਸਲਾ ਕੱਲ੍ਹ ਸ਼ਾਮ ਤੋਂ ਭਖਿਆ ਹੋਇਆ ਹੈ। ਵੱਡੇ ਪੱਧਰ ਉਤੇ ਸਿੱਖ ਜਥੇਬੰਦੀਆਂ ਇਸ ਮਾਮਲੇ ਉਤੇ ਰੋਸ ਪ੍ਰਗਟਾ ਰਹੀਆਂ ਹਨ ਪਰ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ ਆਖ ਦਿੱਤਾ ਕਿ ਉਨ੍ਹਾਂ ਤਾਂ ਇਸ ਮਾਮਲੇ ਬਾਰੇ ਪਤਾ ਹੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਮੋਦੀ ਦੇ ਸਿਰ ਉਤੇ ਜਦੋਂ ਦਸਤਾਰ ਸਜਾਈ ਗਈ ਸੀ ਤਾਂ ਉਨ੍ਹਾਂ ਨਾਲ ਦੀ ਨਾਲ ਥੱਲੇ ਲਾਹ ਕੇ ਰੱਖ ਦਿੱਤੀ, ਇਸ ਉਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਇਕ ਮਿੰਟ ਤਾਂ ਚੁੱਪ ਰਹੇ ਤੇ ਫਿਰ ਆਖ ਦਿੱਤਾ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਡਟੇਲ ਨਹੀਂ, ਜਦੋਂ ਆਵੇਗੀ ਫਿਰ ਵੇਖਾਂਗੇ। ਦੱਸ ਦਈਏ ਕਿ ਇਹ ਮਾਮਲਾ ਕਾਫੀ ਭਖਿਆ ਹੋਇਆ ਹੈ।

ਸਿੱਖ ਜਥੇਬੰਦੀਆਂ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਖ ਰਹੇ ਹਨ ਕਿ ਉਨ੍ਹਾਂ ਨੂੰ ਅਜੇ ਇਸ ਬਾਰੇ ਪਤਾ ਹੀ ਨਹੀਂ ਹੈ। ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਦਸਤਾਰ ਤੇ ਲੰਗਰ ਦੀ ਬੇਅਦਬੀ ਦਾ ਖ਼ਮਿਆਜ਼ਾ ਬਾਦਲਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਅਗਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਇਨ੍ਹਾਂ ਗੱਲਾਂ ਕਰਕੇ ਬਾਦਲ ਦਲ ਨੂੰ ਬਾਹਰ ਹੋਣਾ ਪਵੇਗਾ।

ਇਸੇ ਤਰ੍ਹਾਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਜਸੀ ਰੈਲੀ ਵਾਸਤੇ ਲੰਗਰ ਭੇਜਿਆ ਗਿਆ। ਮੁਫ਼ਤ ਵਿਚ ਲੰਗਰ ਮਿਲੇ ਹੋਣ ਕਰਕੇ ਇਸ ਦੀ ਰੈਲੀ ਮਗਰੋਂ ਬੇਅਦਬੀ ਹੋਈ। ਉਨ੍ਹਾਂ ਆਖਿਆ ਕਿ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਪੱਗ ਦੀ ਕੀਮਤ ਦਾ ਅਹਿਸਾਸ ਨਹੀਂ, ਜਿਨ੍ਹਾਂ ਨੇ ਇੱਕ ਪਲ ਵਿਚ ਦਸਤਾਰ ਉਤਾਰ ਦਿੱਤੀ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਟੇਜ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਸਤਾਰ ਸਜਾਈ ਗਈ, ਜੋ ਉਨ੍ਹਾਂ ਨੇ ਪਲ ’ਚ ਉਤਾਰ ਕੇ ਵਾਪਸ ਫੜਾ ਦਿੱਤੀ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਲੋਕਾਂ ਲਈ ਕੁਝ ਥਾਵਾਂ ’ਤੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਰੈਲੀ ਦੀ ਸਮਾਪਤੀ ਤੋਂ ਕੁਝ ਸਮਾਂ ਬਾਅਦ ਲੰਗਰ ਪੈਰਾਂ ਵਿੱਚ ਰੁਲ ਰਿਹਾ ਸੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੋ ਰਹੀਆਂ ਹਨ।

SHOW MORE